ਅਕਾਲੀਆਂ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਰੀਪੋਰਟ ਦੀ ਭਰਵੀਂ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ ਬਾਦਲ ਵਲੋਂ ਕਰਵਾਈ ਗਈ  ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...........

Party leaders in the Akali Conference at Baba Bakala.

ਬਾਬਾ ਬਕਾਲਾ ਸਾਹਿਬ/ ਰਈਆ : ਬਾਬਾ ਬਕਾਲਾ ਸਾਹਿਬ ਵਿਖੇ ਅਕਾਲੀ ਦਲ ਬਾਦਲ ਵਲੋਂ ਕਰਵਾਈ ਗਈ  ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਧਾਰਮਿਕ, ਸਿਆਸੀ ਅਤੇ ਆਰਥਿਕ ਤੌਰ ਤੇ ਨੁਕਸਾਨ ਹੀ ਕੀਤਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਢਾਹਿਆ ਅਤੇ 1984 ਵਿੱਚ ਦਿੱਲੀ ਅੰਦਰ ਸਿੰੱਖ ਕਤਲੇਆਮ ਕਰਵਾਇਆ ਸੀ। ਉਨਾਂ ਇਹ ਸਵਾਲ ਵੀ ਕੀਤਾ ਕਿ ਹੁਣ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੱਤਾ 'ਤੇ ਕਾਬਜ਼ ਹੈ ਤਾਂ ਨਸ਼ੇ ਕੌਣ ਵੇਚ ਰਿਹਾ ਹੈ?

ਉਨ੍ਹਾਂ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ 'ਤੇ ਬੈਠੈ ਧਿਆਨ ਸਿੰਘ ਮੰਡ ਅਤੇ ਸੰਤ ਦਾਦੂਵਾਲ ਨੂੰ ਆਈ.ਐਸ.ਆਈ. ਦਾ ਪੈਸਾ ਮਿਲ ਰਿਹਾ ਹੈ ਅਤੇ ਇਨ੍ਹਾਂ ਦਾ  ਮੰਤਵ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਜੋ ਕਦੀ ਵੀ ਪੂਰਾ ਨਹੀ ਹੋਵੇਗਾ। ਉਨ੍ਹਾਂ ਇਹ ਵੀ ਪੁੱਛਿਆ ਕਿ ਵਿਦੇਸ਼ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. 'ਤੇ ਹਮਲਾ ਦੇ ਵਿਰੁਧ ਇਹ ਬਰਗਾੜੀ ਧਰਨੇ 'ਤੇ ਬੈਠੇ ਅਖੌਤੀ ਪੰਥਕ ਆਗੂ ਕਿਉਂ ਨਹੀਂ ਬੋਲਦੇ। ਉਹ ਵੀ 'ਤੇ ਸਿੱਖ ਹੈ ਜਿਸਦੀ ਪੱਗ ਲੱਥੀ ਹੈ।

ਉਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲੈਂਦਿਆਂ ਵਿਰਾਸਤੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ,  ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਿਤ ਕੀਤੀ ਅਤੇ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਕਿ ਪੰਜਾਬ ਦਾ ਗੌਰਵਮਈ ਵਿਰਸਾ ਸੰਭਾਲਿਆ ਜਾਵੇ।ਪਰ ਕਾਂਗਰਸ ਨੇ ਸਾਡੇ ਚਲਾਏ ਸਾਰੇ ਪ੍ਰੋਜੈਕਟ ਬੰਦ ਕਰ ਦਿੱਤੇ ਹਨ। ਇਸ ਮੌਕੇ ਅਕਾਲੀ ਕਾਨਫਰੰਸ ਵਿਚ ਪਹੁੰਚਣ 'ਤੇ ਸ: ਬਾਦਲ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।  

ਕਾਨਫਰੰਸ ਨੂੰ ਸੰਬੋਧਿਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ  ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਂਗਰਸ ਸਰਕਾਰ ਦਾ ਕਠਪੁਤਲੀ ਕਮਿਸ਼ਨ ਹੈ। ਉਨਾਂ  ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚਣ ਲਈ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਸੀਬੀਆਈ ਤੋਂ ਅਤੇ ਬੇਅਦਬੀ ਮਾਮਲਿਆਂ ਦੀ ਪੜਤਾਲ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਇਸ  ਇਕੱਠ ਨੂੰ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਵੀਰ ਸਿੰਘ ਲੋਪੋਕੇ ਜ਼ਿਲ੍ਹਾ ਪ੍ਰਧਾਨ, ਮਨਜਿੰਦਰ ਸਿੰਘ ਸਿਰਸਾ, ਸ੍ਰੀ ਰਵੀਕਰਨ ਸਿੰਘ ਕਾਹਲੋਂ, ਪ੍ਰੋ: ਵਿਰਸਾ ਸਿੰਘ ਵਲਟੋਹਾ, ਗੁਲਜ਼ਾਰ ਸਿੰਘ ਰਣੀਕੇ ਸਾਬਕਾ ਮੰਤਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ, ਡਾ: ਦਲਬੀਰ ਸਿੰਘ ਵੇਰਕਾ, ਲਖਬੀਰ ਸਿੰਘ ਲੋਧੀਨੰਗਲ, ਆਦਿ ਹਾਜ਼ਰ ਸਨ।