ਫ਼ਰਜ਼ੀ ਮੁਕਾਬਲਾ ਕੇਸ 'ਚ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, ਤਿੰਨ ਬਰੀ
ਮੋਹਾਲੀ ਦੀ ਸੀਬੀਆਈ ਅਦਾਲਤ ਨੇ ਫ਼ਰਜ਼ੀ ਮੁਕਾਬਲੇ ਦੇ ਕੇਸ ਵਿਚ 29 ਸਾਲ ਮਗਰੋਂ ਫ਼ੈਸਲਾ ਸੁਣਾਇਆ ਹੈ........
ਮੋਹਾਲੀ : ਮੋਹਾਲੀ ਦੀ ਸੀਬੀਆਈ ਅਦਾਲਤ ਨੇ ਫ਼ਰਜ਼ੀ ਮੁਕਾਬਲੇ ਦੇ ਕੇਸ ਵਿਚ 29 ਸਾਲ ਮਗਰੋਂ ਫ਼ੈਸਲਾ ਸੁਣਾਇਆ ਹੈ। ਪੰਜਾਬ ਪੁਲਿਸ ਨੇ ਬਿਆਸ ਜ਼ਿਲ੍ਹੇ 'ਚ ਨੌਜਵਾਨਾਂ ਦਾ ਫ਼ਰਜ਼ੀ ਮੁਕਾਬਲਾ ਕਰਨ ਮਗਰੋਂ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਆਪ ਹੀ ਸਸਕਾਰ ਕਰ ਦਿਤਾ ਸੀ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਐਨ.ਐਸ.ਗਿੱਲ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਮਾਮਲੇ 'ਚ ਨਾਮਜ਼ਦ ਪੁਲਿਸ ਮੁਲਾਜ਼ਮ ਰਘੁਵੀਰ ਸਿੰਘ ਤੇ ਦਾਰਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਇਸ ਮਾਮਲੇ 'ਚ ਕੁਲ 8 ਪੁਲਿਸ ਮੁਲਾਜ਼ਮ ਨਾਮਜ਼ਦ ਸਨ। ਇਨ੍ਹਾਂ ਵਿਚੋਂ ਤਿੰਨ ਪੁਲਿਸ ਮੁਲਾਜ਼ਮਾਂ ਜਸਬੀਰ ਸਿੰਘ, ਨਿਰਮਲ ਜੀਤ ਸਿੰਘ,
ਪਰਮਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ। ਤਿੰਨ ਪੁਲਿਸ ਮੁਲਾਜ਼ਮਾਂ ਹੀਰਾ ਸਿੰਘ, ਸਵਿੰਦਰ ਪਾਲ ਸਿੰਘ, ਰਾਮ ਲੁਭਾਇਆ ਦੀ ਕੇਸ ਦੌਰਾਨ ਮੌਤ ਹੋ ਚੁੱਕੀ ਹੈ। ਪੀੜਤ ਪਰਵਾਰ ਵਲੋਂ ਐਡਵੋਕੇਟ ਸਤਨਾਮ ਸਿੰਘ ਬੈਂਸ ਕੇਸ ਲੜ ਰਹੇ ਸਨ। 14 ਸਤੰਬਰ 1992 ਨੂੰ ਐਸਐਚਓ ਰਘੁਵੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਦਾ ਮੈਂਬਰ ਰਾਮ ਲੁਭਾਇਆ 15 ਸਾਲ ਦੇ ਹਰਪਾਲ ਸਿੰਘ ਨੂੰ ਘਰੋਂ ਚੁੱਕ ਕੇ ਬਿਆਸ ਥਾਣੇ ਲੈ ਗਿਆ। ਚਾਰ ਦਿਨ ਹਵਾਲਾਤ 'ਚ ਉਸ ਨੂੰ ਟਾਰਚਰ ਕਰਨ ਮਗਰੋਂ ਰਾਤ ਨੂੰ ਪਿੰਡ ਨਿੱਝਰ ਨੇੜੇ ਨੌਜਵਾਨ ਦਾ ਫ਼ਰਜ਼ੀ ਮੁਕਾਬਲਾ ਬਣਾ ਦਿਤਾ ਗਿਆ।
ਹਰਪਾਲ ਦੀ ਲਾਸ਼ ਵੀ ਪਰਵਾਰ ਨੂੰ ਨਸੀਬ ਨਹੀਂ ਹੋਣ ਦਿਤੀ ਤੇ ਲਾਸ਼ ਨੂੰ ਅਣਪਛਾਤਾ ਦੱਸ ਕੇ ਆਪ ਹੀ ਸਸਕਾਰ ਕਰ ਦਿਤਾ ਗਿਆ। ਮੁਲਾਜ਼ਮ ਨੇ ਵਿਭਾਗ ਨੂੰ ਭੇਜੀ ਰੀਪੋਰਟ ਵਿਚ ਲਿਖਿਆ ਕਿ ਪਿੰਡ ਨਿੱਝਰ ਨੇੜੇ ਗਸ਼ਤ ਦੌਰਾਨ ਦੋ ਨੌਜਵਾਨ ਮਿਲੇ ਜਿਨ੍ਹਾਂ ਉਨ੍ਹਾਂ 'ਤੇ ਫ਼ਾਈਰਿੰਗ ਸ਼ੁਰੂ ਕਰ ਦਿਤੀ। ਜਵਾਬ ਵਿਚ ਪੁਲਿਸ ਨੇ ਗੋਲੀ ਚਲਾਈ। 20 ਮਿੰਟ ਦੇ ਮੁਕਾਬਲੇ ਦੌਰਾਨ ਹਰਪਾਲ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ।