ਭਾਰਤੀ ਦੀ ਹਤਿਆ ਕਰਨ ਵਾਲੇ ਨੂੰ ਉਮਰ ਕੈਦ
ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹਤਿਆ ਦੇ ਮਾਮਲੇ 'ਚ ਅਮਰੀਕੀ ਅਦਾਲਤ ਨੇ ਦੋਸ਼ੀ ਸਾਬਕਾ ਸਮੁੰਦਰੀ ਫ਼ੌਜੀ ਐਡਮ ਪੁਰਿੰਟਨ...........
ਨਿਊਯਾਰਕ: ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹਤਿਆ ਦੇ ਮਾਮਲੇ 'ਚ ਅਮਰੀਕੀ ਅਦਾਲਤ ਨੇ ਦੋਸ਼ੀ ਸਾਬਕਾ ਸਮੁੰਦਰੀ ਫ਼ੌਜੀ ਐਡਮ ਪੁਰਿੰਟਨ (53) ਨੂੰ ਤਿੰਨ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 60 ਸਾਲ ਤਕ ਜੇਲ 'ਚ ਰਹਿਣਾ ਪਵੇਗਾ। ਅਮਰੀਕਾ 'ਚ ਹਤਿਆ ਦਾ ਦੋਸ਼ ਸਾਬਤ ਹੋਣ 'ਤੇ 20 ਸਾਲ ਦੀ ਉਮਰ ਕੈਦ ਦਿਤੀ ਜਾਂਦੀ ਹੈ। ਐਡਮ ਨੇ 22 ਫ਼ਰਵਰੀ 2017 ਤੋਂ ਉਪ ਨਗਰ ਇਲਾਕੇ ਕੰਸਾਸ ਸਿਟੀ ਦੇ ਆਟਿੰਸ ਬਾਰ 'ਚ ਸ੍ਰੀਨਿਵਾਸ ਦੀ ਹਤਿਆ ਕਰ ਦਿਤੀ ਸੀ। ਇਸ ਘਟਨਾ 'ਚ ਸ੍ਰੀਨਿਵਾਸ ਦਾ ਦੋਸਤ ਅਲੋਕ ਮਦਸਾਨੀ ਅਤੇ ਕੰਸਾਸ ਵਾਸੀ ਇਯਾਨ ਗ੍ਰਿਲਾਟ ਜ਼ਖ਼ਮੀ ਹੋ ਗਏ ਸਨ।
ਅਟਾਰਨੀ ਜਨਰਲ ਜੈਫ਼ ਸੇਸਨਜ਼ ਨੇ ਸ਼ਜਾ ਸੁਣਾਉਣ ਤੋਂ ਪਹਿਲਾਂ ਕਿਹਾ, ''ਇਹ ਕਾਫ਼ੀ ਘਿਨੌਣਾ ਅਪਰਾਧ ਹੈ। ਉਸ ਨੂੰ ਆਜ਼ਾਦ ਘੁੰਮਣ ਦਾ ਕੋਈ ਹੱਕ ਨਹੀਂ ਹੈ।''
ਉਧਰ ਸ੍ਰੀਨਿਵਾਸ ਦੀ ਪਤਨੀ ਸੁਨੈਨਾ ਨੇ ਕਿਹਾ, ''ਮੇਰਾ ਪਤੀ ਹਮੇਸ਼ਾ ਦੂਜਿਆਂ ਦਾ ਸਨਮਾਨ ਕਰਦਾ ਸੀ। ਉਹ ਪੁਰਿੰਟਨ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਕਾਲੇ ਵਿਅਕਤੀ ਸ਼ੈਤਾਨ ਨਹੀਂ ਹੁੰਦੇ। ਉਹ ਵੀ ਅਮਰੀਕਾ ਦੀ ਤਰੱਕੀ 'ਚ ਮਦਦ ਕਰ ਰਹੇ ਹਨ। ਮੈਂ ਅਪਣੇ ਪਤੀ ਦੇ ਕਈ ਸੁਪਨੇ ਅਤੇ ਉਮੀਦਾਂ ਲੈ ਕੇ ਅਮਰੀਕਾ ਆਈ ਸੀ, ਪਰ ਸਭ ਕੁੱਝ ਬਿਖਰ ਗਿਆ।
'' ਮਾਮਲੇ ਦੀ ਸੁਣਵਾਈ ਦੌਰਾਨ ਐਡਮ ਨੇ ਜੋਨਸਨ ਕਾਊਂਟੀ ਜ਼ਿਲ੍ਹਾ ਅਦਾਲਤ 'ਚ ਕਬੂਲ ਕੀਤਾ ਸੀ ਕਿ ਰੰਗ, ਧਰਮ ਅਤੇ ਨਾਗਰਿਕਤਾ ਕਾਰਨ ਉਸ ਨੇ ਸ੍ਰੀਨਿਵਾਸ ਅਤੇ ਮਦਸਾਨੀ 'ਤੇ ਹਮਲਾ ਕੀਤਾ ਸੀ। ਦੱਸਣਯੋਗ ਹੈ ਕਿ ਸ੍ਰੀਨਿਵਾਸ ਅਤੇ ਆਲੋਕ ਮਦਸਾਨੀ ਓਲਾਥੇ 'ਚ ਜੀ.ਪੀ.ਐਸ. ਬਣਾਉਣ ਵਾਲੀ ਕੰਪਨੀ ਗਾਰਮਿਨ ਦੀ ਐਵੀਏਸ਼ਨ ਵਿੰਗ 'ਚ ਕੰਮ ਕਰਦੇ ਸਨ। 22 ਫ਼ਰਵਰੀ ਦੀ ਰਾਤ ਉਹ ਓਲਾਥੇ ਦੇ ਆਸਟਿਨ ਬਾਰ ਐਂਡ ਗ੍ਰਿਲ ਬਾਰ 'ਚ ਸਨ।
ਅਮਰੀਕੀ ਨੇਵੀ ਤੋਂ ਸੇਵਾਮੁਕਤ ਪੁਰਿੰਟਨ ਉਸ ਨਾਲ ਉਲਝ ਗਿਆ। ਉਹ ਨਸਲੀ ਟਿਪਣੀਆਂ ਕਰਨ ਲੱਗਾ। ਉਸ ਨੇ ਦੋਹਾਂ ਨੂੰ ਅਤਿਵਾਦੀ ਕਹਿ ਕੇ ਬੁਲਾਇਆ ਅਤੇ ਅਮਰੀਕਾ ਤੋਂ ਬਾਹਰ ਜਾਣ ਕਿਹਾ। ਬਹਿਸ ਤੋਂ ਬਾਅਦ ਐਡਮ ਨੂੰ ਬਾਰ 'ਚੋਂ ਕੱਢ ਦਿਤਾ ਗਿਆ। ਥੋੜੀ ਹੀ ਦੇਰ 'ਚ ਉਹ ਬੰਦੂਕ ਲੈ ਕੇ ਵਾਪਸ ਆਇਆ ਅਤੇ ਦੋਹਾਂ 'ਤੇ ਗੋਲੀ ਚਲਾ ਦਿਤੀ। (ਪੀਟੀਆਈ)