ਚੋਣਾਂ ਦੇ ਬਿਲਕੁਲ ਨੇੜੇ ਕਿਸਾਨ ਜਥੇਬੰਦੀਆਂ ਵੱਲੋਂ ਪਾਰਟੀ ਬਣਾਉਣਾ ਠੀਕ ਨਹੀਂ: ਰਾਜ ਕੁਮਾਰ ਵੇਰਕਾ
'ਕਿਸਾਨ ਜਥੇਬੰਦੀਆਂ 'ਚ ਸ਼ਾਮਲ ਲੀਡਰਾਂ ਨੂੰ ਹੁਣ ਕਿਸਾਨ ਕਹਿਣਾ ਗ਼ਲਤ'
ਚੰਡੀਗੜ੍ਹ (ਅਮਨਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਸੰਯੁਕਤ ਸਮਾਜ ਮੋਰਚਾ’ ਨਾਂਅ ਦੀ ਪਾਰਟੀ ਬਣਾਉਣ ਦੇ ਫੈਸਲੇ ’ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਚੋਣਾਂ ਦੇ ਬਿਲਕੁਲ ਨੇੜੇ ਸਿਆਸੀ ਪਾਰਟੀ ਬਣਾਉਣਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਿਚ ਸ਼ਾਮਲ ਲੀਡਰਾਂ ਨੂੰ ਹੁਣ ਕਿਸਾਨ ਕਹਿਣਾ ਗਲਤ ਹੈ।
ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਕਿਸਾਨਾਂ ਦੇ ਬੱਚੇ ਹਨ, ਇਸ ਲਈ ਉਹਨਾਂ ਵਲੋਂ ਵੱਖਰੀ ਪਾਰਟੀ ਬਣਾਉਣ ਦਾ ਫੈਸਲਾ ਗਲਤ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਪਾਰਟੀ ਨੂੰ ਇੰਨੀ ਜਲਦੀ ਕੋਈ ਚੋਣ ਨਿਸ਼ਾਨ ਨਹੀਂ ਮਿਲ ਸਕਦਾ ਅਤੇ ਉਹਨਾਂ ਨੂੰ ਅਪਣੀ ਪਾਰਟੀ ਰਜਿਸਟਰ ਕਰਵਾਉਣ ਲਈ ਕਰੀਬ ਇਕ ਮਹੀਨੇ ਦਾ ਸਮਾਂ ਲੱਗੇਗਾ।
ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਦੇ ਹਿੱਤ ਦੀ ਗੱਲ ਕਰਨ ਵਾਲੇ ਆਗੂਆਂ ਦਾ ਸਮਰਥਨ ਕਰਨਾ ਚਾਹੀਦਾ ਸੀ, ਚਾਹੇ ਉਹ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੁਚਿੱਤੀ ਵਿਚ ਹਨ, ਜਿਸ ਕਰਕੇ ਉਹ ਅਪਣੇ ਫੈਸਲੇ ਵੀ ਨਹੀਂ ਲੈ ਪਾ ਰਹੀਆਂ।
ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਰਾਜ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਅਪਣੀ ਗੱਲ ਕਹਿਣ ਦਾ ਅੰਦਾਜ਼ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਿਸੇ ਹੋਰ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਸਵਾਲ ਕਰਨਾ ਉਹਨਾਂ ਦਾ ਹੱਕ ਹੈ ਅਤੇ ਜਵਾਬ ਦੇਣਾ ਸਾਡਾ ਫਰਜ਼ ਹੈ।