ਕੈਪਟਨ ਨੇ ਦਿਤਾ ਹੁਕਮ : ਹਟਾ ਦਿਤੇ ਜਾਣ ਵਿਰਾਸਤੀ ਮਾਰਗ ਤੋਂ ਲੋਕ ਨਾਚ ਦੇ ਬੁੱਤ!

ਏਜੰਸੀ

ਖ਼ਬਰਾਂ, ਪੰਜਾਬ

ਬੁੱਤ ਤੋੜਨ ਵਾਲੇ ਨੌਜਵਾਨਾਂ ਵਿਰੁਧ ਦਰਜ ਕੇਸਾਂ ਨੂੰ ਵਿਚਾਰਨ ਅਤੇ ਵਾਪਸ ਲੈਣ ਦੇ ਆਦੇਸ਼

file photo

ਚੰਡੀਗੜ੍ਹ : ਅੰਮ੍ਰਿਤਸਰ ਵਿਖੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਲਾਏ ਗਏ ਗਿੱਧੇ-ਭੰਗੜੇ ਦੇ ਬੁੱਤਾਂ ਉਪਰ ਸਿੱਖ ਭਾਈਚਾਰੇ ਵਲੋਂ ਉਠਾਏ ਗਏ ਇਤਰਾਜ਼ 'ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਹ ਬੁੱਤ ਇਥੋਂ ਹਟਾਉਣ ਅਤੇ ਸ਼ਹਿਰ ਵਿਚ ਹੀ ਕਿਸੇ ਹੋਰ ਢੁੱਕਵੀਂ ਥਾਂ 'ਤੇ ਲਾਉਣ ਦੇ ਹੁਕਮ ਦਿਤੇ ਹਨ।

ਇਹ ਬੁੱਤ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਲਾਏ ਗਏ ਸਨ ਅਤੇ ਲੰਘੀ 15 ਜਨਵਰੀ ਨੂੰ ਜਜ਼ਬਾਤੀ ਰੌਂਅ ਵਿਚ ਗੁੱਸੇ 'ਚ ਆਏ ਕੁੱਝ ਨੌਜਵਾਨਾਂ ਨੇ ਇਨ੍ਹਾਂ ਦੀ ਭੰਨ-ਤੋੜ ਕਰ ਦਿਤੀ ਸੀ। ਇਸ ਭੰਨ-ਤੋੜ ਵਿਚ ਸ਼ਾਮਲ ਨੌਜਵਾਨਾਂ ਪ੍ਰਤੀ ਨਰਮੀ ਵਿਖਾਉਂਦਿਆਂ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਸੱਤ ਪ੍ਰਦਰਸ਼ਨਕਾਰੀਆਂ ਵਿਰੁਧ ਦਰਜ ਕੇਸਾਂ ਦੀ ਸਮੀਖਿਆ ਕਰਨ ਅਤੇ ਇਨ੍ਹਾਂ ਵਿਰੁਧ ਦਰਜ ਆਈ.ਪੀ.ਸੀ. ਦੀਆਂ ਸਖ਼ਤ ਧਾਰਾਵਾਂ ਨੂੰ ਵਾਪਸ ਲੈਣ ਦੇ ਹੁਕਮ ਦਿਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਇਹ ਕਾਰਵਾਈ ਕਿਸੇ ਬਦਨੀਤੀ ਦਾ ਹਿੱਸਾ ਨਹੀਂ ਸੀ ਸਗੋਂ ਇਹ ਸਿੱਖ ਭਾਈਚਾਰੇ ਵਲੋਂ ਮਹਿਸੂਸ ਕੀਤੀ ਜਾ ਰਹੀ ਪੀੜ ਦਾ ਪ੍ਰਗਟਾਵਾ ਸੀ ਕਿਉਂਕਿ ਪਵਿੱਤਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਨਾਲ ਗਿੱਧੇ-ਭੰਗੜੇ ਨੂੰ ਦਰਸਾਉਂਦੇ ਬੁੱਤ ਸਥਾਪਤ ਕਰਨ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ।

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਰਾਸਤੀ ਮਾਰਗ 'ਤੇ ਗਿੱਧੇ-ਭੰਗੜੇ ਵਾਲੇ ਬੁੱਤ ਸਥਾਪਤ ਕਰਵਾਏ ਸਨ ਅਤੇ ਅਕਤੂਬਰ, 2016 ਵਿਚ ਇਨ੍ਹਾਂ ਦਾ ਉਦਘਾਟਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਵਿਚ ਲੋਕ ਨਾਚ ਦੇ ਬੁੱਤ ਲਾਉਣ 'ਤੇ ਰੋਸ ਪਾਇਆ ਜਾ ਰਿਹਾ ਸੀ ਅਤੇ ਇਨ੍ਹਾਂ ਨੇ ਇਸ ਨੂੰ ਸਿੱਖ ਧਾਰਮਕ ਭਾਵਨਾਵਾਂ ਦੀ ਉਲੰਘਣਾ ਦਸਿਆ ਕਿਉਂਕਿ ਇਹ ਬੁੱਤ ਪਾਵਨ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਾਪਤ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਬੁੱਤਾਂ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ।

15 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਰਾਗੀ ਸਭਾ (ਹਰਿਮੰਦਰ ਸਾਹਿਬ ਦੇ ਕੀਰਤਨੀ ਸਿੰਘਾਂ ਸਮੇਤ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਹੱਕ ਵਿਚ ਨਿੱਤਰ ਆਈਆਂ ਸਨ।