SSM ਦੇ ਉਮੀਦਵਾਰ ਗੁਰਪ੍ਰੀਤ ਕੋਟਲੀ ਨੇ ਦਿੱਤਾ ਹਲਫੀਆ ਬਿਆਨ, ਕਿਹਾ- ‘ਜੋ ਕਹਾਂਗੇ ਉਹ ਕਰਾਂਗੇ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਫਤਹਿ ਕਰਨ ਮਗਰੋਂ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣ ਦੀ ਰਣਨੀਤੀ ਨਾਲ ਕਿਸਾਨ ਅਤੇ ਮਜ਼ਦੂਰ ਚੋਣ ਮੈਦਾਨ ਵਿਚ ਉਤਰੇ ਹਨ।

Affidavits given by Dr. Swaiman Singh and Gurpreet Kotli


ਚੰਡੀਗੜ੍ਹ: ਕਿਸਾਨ ਅੰਦੋਲਨ ਫਤਹਿ ਕਰਨ ਮਗਰੋਂ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣ ਦੀ ਰਣਨੀਤੀ ਨਾਲ ਕਿਸਾਨ ਅਤੇ ਮਜ਼ਦੂਰ ਚੋਣ ਮੈਦਾਨ ਵਿਚ ਉਤਰੇ ਹਨ। ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਵਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੋਂ ਉਮੀਦਵਾਰ ਐਲਾਨਣ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਚਲਦਿਆਂ ਹਲਕਾ ਗਿੱਦੜਬਾਹਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕੋਟਲੀ ਅਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਣ ਸਿੰਘ ਨੇ ਨਿਵੇਕਲੀ ਪਹਿਲ ਕੀਤੀ ਹੈ।

Photo

ਦਰਅਸਲ ਗੁਰਪ੍ਰੀਤ ਕੋਟਲੀ ਨੇ ਚੋਣਾਂ ਦੇ ਮੱਦੇਨਜ਼ਰ ਅਪਣਾ ਹਲਫੀਆ ਬਿਆਨ ਪੇਸ਼ ਕੀਤਾ ਹੈ, ਜਿਸ ਵਿਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਕਹਾਂਗੇ, ਉਹ ਕਰ ਦੇ ਦਿਖਾਵਾਂਗੇ। ਗੁਰਪ੍ਰੀਤ ਕੋਟਲੀ ਤੋਂ ਇਲਾਵਾ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਣ ਸਿੰਘ ਵੱਲੋਂ ਵੀ ਹਲਫੀਆ ਬਿਆਨ ਦਿੱਤਾ ਗਿਆ ਹੈ। ਵੀਡੀਓ ਸੰਦੇਸ਼ ਜਾਰੀ ਕਰਦਿਆਂ ਗੁਰਪ੍ਰੀਤ ਕੋਟਲੀ ਨੇ ਕਿਹਾ ਕਿ ਜਦੋਂ ਉਹ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਾਂ ਇਹ ਹਲਫੀਆ ਬਿਆਨ ਵੀ ਨਾਲ ਜਮ੍ਹਾਂ ਕਰਵਾਉਣਗੇ।

Photo

ਇਸ ਹਲਫੀਆ ਬਿਆਨ ਅਨੁਸਾਰ ਜੇਕਰ ਉਹ ਚੋਣ ਜਿੱਤਣ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਨਹੀਂ ਉਤਰਨਗੇ ਤਾਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਵਿਧਾਨ ਸਭਾ ਵਿਚ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ। ਗੁਰਪ੍ਰੀਤ ਕੋਟਲੀ ਨੇ ਕਿਹਾ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਉਹਨਾਂ ਦੇ ਬੱਚੇ ਵੀ ਬਾਕੀ ਬੱਚਿਆਂ ਵਾਂਗ ਸਰਕਾਰੀ ਸਕੂਲ ਵਿਚ ਪੜ੍ਹਨਗੇ ਅਤੇ ਸਾਰੀ ਉਮਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਾਜ ਵੀ ਸਰਕਾਰੀ ਹਸਪਤਾਲ ਵਿਚ ਕਰਵਾਇਆ ਜਾਵੇਗਾ।

Gurpreet Kotli

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਦਾ ਕਹਿਣਾ ਹੈ ਕਿ ਜਦੋਂ ਵਿਧਾਇਕ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ ਤਾਂ ਹੋਰ ਲੋਕ ਵੀ ਅਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਉਹਨਾਂ ਦੇ ਸਾਰੇ ਪਰਿਵਾਰ ਦੀ ਚੱਲ ਅਚੱਲ ਜਾਇਦਾਦ ਗਿੱਦੜਬਾਹਾ ਦੇ ਲੋਕਾਂ ਦੀ ਹੋਵੇਗੀ ਅਤੇ ਉਹ ਅਪਣੀ ਤਨਖਾਹ ਨਾਲ ਅਪਣਾ ਗੁਜ਼ਾਰਾ ਕਰਨਗੇ।

Dr. Swaiman Singh and Gurpreet Kotli

ਇਸ ਹਲਫੀਆ ਬਿਆਨ ਵਿਚ ਡਾ. ਸਵੈਮਾਣ ਸਿੰਘ ਨੇ ਲਿਖਿਆ ਹੈ ਕਿ ਉਹ ਹਲਕਾ ਗਿੱਦੜਬਾਹਾ ਦੇ ਵਿਕਾਸ ਲਈ 20 ਕਰੋੜ ਰੁਪਏ ਦੇਣਗੇ, ਜੇਕਰ ਉਹ ਇਸ ਤੋਂ ਮੁਨਕਰ ਹੁੰਦੇ ਹਨ ਤਾਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਗੁਰਪ੍ਰੀਤ ਕੋਟਲੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਪਣੇ ਹਲਕੇ ਦੇ ਹਰੇਕ ਉਮੀਦਵਾਰ ਕੋਲੋਂ ਹਲਫੀਆ ਬਿਆਨ ਲੈਣ ਤਾਂ ਜੋ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਸੇਧ ਦਿੱਤੀ ਜਾ ਸਕੇ।