ਪੁਲਿਸ ਨੇ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ ‘ਚ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਵਲੋਂ ਫੇਸਬੁੱਕ ‘ਤੇ ਲੜਕੀ ਦੇ ਨਾਮ ‘ਤੇ ਫਰਜ਼ੀ ਆਈ.ਡੀ. ਬਣਾ ਕੇ ਇਕ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ...

Crime

ਜਲੰਧਰ (ਸਸਸ) : ਨੌਜਵਾਨ ਵਲੋਂ ਫੇਸਬੁੱਕ ‘ਤੇ ਲੜਕੀ ਦੇ ਨਾਮ ‘ਤੇ ਫਰਜ਼ੀ ਆਈ.ਡੀ. ਬਣਾ ਕੇ ਇਕ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜਲੰਧਰ ਦਾ ਹੈ। ਇੱਥੋਂ ਦੇ ਥਾਣਾ ਡਿਵੀਜ਼ਨ ਨੰ. 3 ਦੀ ਪੁਲਿਸ ਨੇ ਜਲੰਧਰ ਦੇ ਕਾਰੋਬਾਰੀ ਦੀ ਪਤਨੀ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ ਵਿਚ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਨਿਵਾਸੀ ਰਾਜਨ ਚੋਪੜਾ (24 ਸਾਲ) ਜੋ ਕਿ ਕੱਪੜਾ ਵਪਾਰੀ ਹੈ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਸ.ਐਚ.ਓ. ਵਿਜੇ ਕੁੰਵਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਦੇ ਉੱਤਰੀ ਇਲਾਕੇ ਵਿਚ ਰਹਿਣ ਵਾਲੇ ਇਕ ਕਾਰੋਬਾਰੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿਤੀ ਸੀ ਕਿ ਉਨ੍ਹਾਂ ਦੀ ਪਤਨੀ ਦੀ ਫੇਸਬੁੱਕ ਆਈ.ਡੀ. ‘ਤੇ ਇਕ ਲੜਕੀ ਦੇ ਨਾਮ ‘ਤੇ ਆਈ.ਡੀ. ਤੋਂ ਅਸ਼ਲੀਲ ਮੈਸੇਜ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੈਸੇਜ ਵਿਚ ਭਾਸ਼ਾ ਬਹੁਤ ਜ਼ਿਆਦਾ ਗੰਦੀ ਵਰਤੀ ਗਈ ਹੈ ਜੋ ਕਿ ਦੱਸ ਨਹੀਂ ਸਕਦੇ।

ਉਸ ਦੀ ਪਤਨੀ ਨੇ ਦੱਸਿਆ ਕਿ ਨੇਹਾ ਕਪੂਰ ਨਾਂ ਦੀ ਫੇਸਬੁੱਕ ਆਈ.ਡੀ. ਤੋਂ ਫਰੈਂਡ ਰਿਕਵੈਸਟ ਆਈ ਸੀ। ਉਨ੍ਹਾਂ ਨੇ ਇਹ ਸੋਚ ਕੇ ਸਵੀਕਾਰ ਕਰ ਲਈ ਕਿ ਕਿਸੇ ਸਹੇਲੀ ਨੇ ਭੇਜੀ ਹੈ। ਇਸ ਤੋਂ ਬਾਅਦ ਲਗਾਤਾਰ ਅਸ਼ਲੀਲ ਮੈਸੇਜ ਆਉਣ ਲੱਗੇ। ਮਾਮਲੇ ਨੂੰ ਹੋਰ ਗੰਭੀਰ ਹੁੰਦਾ ਵੇਖਦੇ ਹੋਏ ਮਾਮਲਾ ਟਰੇਸ ਕਰਨ ਲਈ ਸਾਈਬਰ ਵਿੰਗ ਦੇ ਕੋਲ ਭੇਜ ਦਿਤਾ ਗਿਆ ਸੀ। ਸਾਈਬਰ ਵਿੰਗ ਨੇ ਫੇਸਬੁੱਕ ਬਣਾਉਣ ਵਿਚ ਵਰਤਿਆ ਗਿਆ ਆਈ.ਪੀ. ਐਡਰੈਸ ਟਰੇਸ ਕਰ ਲਿਆ।

ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਹ ਫੇਸਬੁੱਕ ਆਈ.ਡੀ. ਮੋਬਾਇਲ ਫ਼ੋਨ ਉਤੇ ਬਣਾਈ ਗਈ ਸੀ ਅਤੇ ਇਸ ਲਈ ਵਰਤਿਆ ਗਿਆ ਮੋਬਾਇਲ ਨੰਬਰ ਲੁਧਿਆਣਾ ਦੇ ਰਾਜਨ ਚੋਪੜਾ ਦਾ ਹੈ। ਵੀਰਵਾਰ ਨੂੰ ਪੁਲਿਸ ਨੇ ਕੇਸ ਦਰਜ ਕਰਕੇ ਰਾਜਨ ਚੋਪੜਾ ਨੂੰ ਗ੍ਰਿਫ਼ਤਾਰ ਕਰ ਲਿਆ।