ਲੱਚਰ ਅਤੇ ਹਥਿਆਰਾਂ ਵਾਲੇ ਗਾਣਿਆਂ ਨੂੰ ਲੈ ਕੇ ਹਾਈਕੋਰਟ ਸਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ

Photo

ਐਸ.ਏ.ਐਸ ਨਗਰ (ਨੀਲ ਭਲਿੰਦਰ ਸਿੰਘ): ਪੰਜਾਬੀ ਮਾਂ ਬੋਲੀ ਲਈ ਅਪਣੀ ਆਵਾਜ਼ ਬੁਲੰਦ ਕਰਨ ਵਾਲੇ ਪੰਡਤ ਰਾਉ ਧਰੇਨਵਰ ਵਲੋਂ ਪਾਈ ਅਰਜ਼ੀ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ 24 ਅਪ੍ਰੈਲ ਤਕ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

ਪੰਡਤ ਰਾਉ ਧਰੇਨਵਰ ਨੇ ਦਸਿਆ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਐਸਐਸਪੀ ਮੁਹਾਲੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਦਸਿਆ ਗਿਆ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ 2019 ਦੇ ਹੁਕਮ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ ਕਿਸੇ ਵੀ ਲਾਈਵ ਸ਼ੋਅ ਦੌਰਾਨ ਸ਼ਰਾਬੀ, ਲੱਚਰ, ਹਿੰਸਾਤਮਕ ਅਤੇ ਭੜਕਾਊ ਗਾਣੇ ਗਾਉਣ 'ਤੇ ਰੋਕ ਲਗਾ ਦਿਤੀ ਗਈ ਹੈ।

ਉਨ੍ਹਾਂ ਦਸਿਆ ਕਿ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਅਜਿਹੇ ਕਿਸੇ ਵੀ ਪ੍ਰੋਗਰਾਮ 'ਤੇ ਰੋਕ ਲਗਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਪਰੰਤੂ ਬੀਤੀ 31 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਂਜਲਾ ਨੇ ਫ਼ਾਰੇਸਟ ਹਿੱਲ, ਨਯਾ ਗਰਾਂਉ, ਮੁਹਾਲੀ ਵਿਚ ਹਿੰਸਾਤਮਕ, ਭੜਕਾਊ, ਸ਼ਰਾਬੀ ਅਤੇ ਹਤਿਆਰੀ ਗਾਣੇ ਗਾ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।

 ਪੰਡਤ ਰਾਉ ਧਰੇਨਵਰ ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਐਸਐਸਪੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਪੰਜਾਬੀ ਗਾਇਕ ਕਰਨ ਔਂਜਲਾ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।