ਲੋਕ ਸਭਾ ਚੋਣਾਂ : ਮੌਕਾ ਪ੍ਰਸਤ ਤੇ ਦਲ ਬਦਲੂਆਂ ਦਾ ਕੀ ਹਸ਼ਰ ਹੋਵੇਗਾ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ-'ਆਪ'-ਕਾਂਗਰਸ ਦੇ ਦਰਜਨ ਦੇ ਕਰੀਬ ਲੀਡਰ ਮੈਦਾਨ ਵਿਚ

Pic-1

ਚੰਡੀਗੜ੍ਹ : ਗੁਆਂਢੀ ਸੂਬੇ ਹਰਿਆਣਾ ਵਿਚ 1967 ਵਿਚ ਚੌਧਰੀ ਭਜਨ ਲਾਲ ਵਲੋਂ ਸ਼ੁਰੂ ਕੀਤੀ 'ਆਇਆ ਰਾਮ ਗਿਆ ਰਾਮ' ਦੀ ਰਵਾਇਤ ਯਾਨੀ ਸਿਆਸੀ ਨੇਤਾਵਾਂ ਵਲੋਂ ਦਲ-ਬਦਲੀ ਕਰਨ ਦਾ ਰਵਈਆ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਵਾਧੂ ਭਾਰੂ ਪੈ ਰਿਹਾ ਹੈ। ਇਸ ਸਰਹੱਦੀ ਸੂਬੇ ਦੀਆਂ ਤਕਰੀਬਨ ਸਾਰੀਆਂ ਲੋਕ ਸਭਾ ਸੀਟਾਂ ਉਤੇ ਸਿੱਧੇ ਜਾਂ ਵਿੰਗੇ ਟੇਢੇ ਢੰਗ ਨਾਲ ਇਨ੍ਹਾਂ ਦਲ-ਬਦਲੂਆਂ, ਮੌਕਾ ਪ੍ਰਸਤਾਂ ਅਤੇ ਗੁੱਸੇ ਭਰੇ ਪੀਤੇ ਪੁਰਸ਼-ਮਹਿਲਾ ਲੀਡਰਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਇਨ੍ਹਾਂ ਵਿਚੋਂ 7 ਨੇਤਾ ਧਰਮਵੀਰ ਗਾਂਧੀ, ਸ਼ੇਰ ਸਿੰਘ ਘੁਬਾਇਆ, ਸੁਖਪਾਲ ਖਹਿਰਾ, ਬਲਦੇਵ ਸਿੰਘ ਜੈਤੋਂ, ਬੀਰ ਦਵਿੰਦਰ ਸਿੰਘ, ਹਰਬੰਸ ਕੌਰ ਦੂਲੋਂ ਤੇ ਜਸਰਾਜ ਜੱਸੀ ਤਾਂ ਸਿੱਧੇ ਤੌਰ ਉਤੇ ਲੋਕ ਸਭਾ ਸੀਟਾਂ ਕ੍ਰਮਵਾਰ ਪਟਿਆਲਾ, ਫ਼ਿਰੋਜਪੁਰ, ਬਠਿੰਡਾ, ਫ਼ਰੀਦਕੋਟ ਰਿਜ਼ਰਵ, ਆਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ ਰਿਜ਼ਰਵ ਅਤੇ ਸੰਗਰੂਰ ਤੋਂ ਚੋਣ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਸਾਰੇ ਨੇਤਾਵਾਂ ਨੂੰ ਜਿਤਣ ਦੀ ਆਸ ਤੋਂ ਇਲਾਵਾ ਕਿਸੇ ਚਮਤਕਾਰ ਹੋਣ ਦੀ ਪੂਰੀ ਇੱਛਾ ਹੈ। ਬਾਕੀ 6 ਸੀਟਾਂ ਯਾਨੀ ਗੁਰਦਾਸਪੁਰ ਤੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਅਦਾਕਾਰਾ ਕਵਿਤਾ ਖੰਨਾ, ਭਾਵੇਂ ਬੀ.ਜੇ.ਪੀ. ਹਾਈ ਕਮਾਂਡ ਵਿਰੁਧ ਇਕ ਦੋ ਬਿਆਨਾਂ ਰਾਹੀਂ ਭੜਾਸ ਕੱਢਣ ਉਪਰੰਤ ਅੰਦਰ ਖਾਤੇ ਸੰਨੀ ਦਿਉਲ ਦੇ ਮਨਾਉਣ 'ਤੇ ਚੁਪ ਕਰ ਜਾਵੇਗੀ ਅਤੇ ਬਤੌਰ ਆਜ਼ਾਦ ਉਮੀਦਵਾਰ ਮੈਦਾਨ ਵਿਚ ਨਹੀਂ ਆਵੇਗੀ।

ਬਾਕੀ ਪੰਜ ਵਿਚੋਂ ਇਕ ਹੁਸ਼ਿਆਰਪੁਰ ਰਿਜ਼ਰਵ ਤੇ ਬੀ.ਜੇ.ਪੀ. ਦੇ ਮੌਜੂਦਾ ਐਮ.ਪੀ. ਵਿਜੈ ਸਾਂਪਲਾ ਇਕਟ ਨਾ ਮਿਲਣ ਤੇ ਸਿਰਫ਼ ਗਊ ਹਤਿਆ ਕਹਿ ਕੇ ਆਉਂਦੇ ਦਿਨਾਂ ਵਿਚ ਚੁਪ ਕਰ ਜਾਏਗਾ। ਸੰਤੋਸ਼ ਚੌਧਰੀ ਤੇ ਮਹਿੰਦਰ ਕੇਪੀ ਦੋਨੋ ਕਾਂਗਰਸੀ ਨੇਤਾ ਵੀ ਲਗਭਗ ਠੰਢੇ ਹੋ ਕੇ ਬਹਿ ਗਏ ਹਨ। ਇਕ ਹੋਰ ਸੀਟ ਖਡੂਰ ਸਾਹਿਬ ਜਿਥੋ ਅਕਾਲੀ ਐਮਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਵਿਰੁਧ ਬਗਾਵਤ ਕਰ ਕੇ ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਟਕਸਾਲੀ ਅਕਾਲੀ ਦਲ ਬਣਾਇਆ ਪਰ ਆਪ ਚੋਣ ਮੈਦਾਨ ਵਿਚ ਨਹੀਂ ਆਏ ਨੇ ਪਹਿਲਾਂ ਫ਼ੌਜੀ ਜਰਨੈਲ ਜੇਜੇ ਸਿੰਘ ਨੂੰ ਖੜਾ ਕੀਤਾ ਉਸ ਨੂੰ ਹਟਾ ਕੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਖਾਲੜਾ ਨੂੰ ਜਿਤਾਉਣ ਦਾ ਤਹੀਆ ਕੀਤਾ ਹੈ।

ਇਸੇ ਤਰ੍ਹਾਂ ਸੰਗਰੂਰ ਸੀਟ ਤੋਂ ਭਗਵੰਤ ਮਾਨ ਨੂੰ ਸਬਕ ਸਿਖਾਉਣ ਲਈ ਗਾਇਕ ਜਸਰਾਜ ਜੱਸੀ ਨੇ ਹੁਣ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜ ਲਿਆ ਹੈ ।   ਬਚੀਆਂ ਬਾਕੀ ਦੋ ਸੀਟਾਂ ਵਿਚ ਇਕ ਲੁਧਿਆਣਾ ਵਾਸਤੇ ਵੀ ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਅਸਤੀਫ਼ਾ ਦੇ ਦਿਤਾ ਹੈ। ਲੁਧਿਆਣਾ ਸੀਟ ਉਤੇ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ, ਕਾਂਗਰਸ ਦੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੇਂਸ ਅਤੇ ਆਪ ਦੇ ਪ੍ਰੋ. ਤੇਜਪਾਲ ਵਿਚਕਾਰ ਤਿਕੋਨੇ ਮੁਕਾਬਲਾ ਵਿਚ ਕਿਸੇ ਦਾ ਵੀ ਦਾਅ ਲਗ ਸਕਦਾ ਹੈ। 

ਇਨ੍ਹਾਂ ਚੋਣਾਂ ਦੇ ਨਤੀਜਿਆਂ ਮਗਰੋਂ ਪੰਜ ਵਿਧਾਨ ਸਭਾ ਸੀਟਾਂ ਖ਼ਾਲੀ ਹੋਣ ਦਾ ਅੰਦਾਜ਼ਾ ਹੈ ਜਿਨ੍ਹਾਂ ਵਿਚ ਜਲਾਲਾਬਾਦ, ਮਾਨਸਾ, ਲਹਿਰਾ, ਦਾਖਾ, ਭੁਲੱਥ, ਫ਼ਗਵਾੜਾ, ਚੱਬੇਵਾਲ ਅਤੇ ਗਿਦੜਬਾਹਾ ਸ਼ਾਮਲ ਹਨ। ਫ਼ਿਰੋਜਪੁਰ ਸੀਟ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੇ ਹਟਣ ਤੇ ਖ਼ਾਲੀ ਹੋਈ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਜਗਮੀਤ ਬਰਾੜ ਲੜ ਸਕਦੇ ਹਨ। ਉਥੇ ਹੀ ਨਾਜਰ ਸਿੰਘ ਮਾਨਾਸ਼ਾਹੀ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਕਾਂਗਰਸ ਵਲੋਂ ਜ਼ਿਮਨੀ ਚੋਣ ਲੜਨਗੇ। ਦਾਖਾ ਦੀ ਜ਼ਿਮਨੀ ਚੋਣ ਵੀ ਜ਼ਰੂਰ ਹੋਵੇਗੀ।

ਜੇ ਪਰਮਿੰਦਰ ਢੀਂਡਸਾ, ਸੰਗਰੂਰ ਲੋਕ ਸਭਾ ਹਲਕੇ ਤੋਂ ਕਾਮਯਾਬ ਹੋ ਜਾਂਦੇ ਹਨ ਤਾਂ ਲਹਿਰਾ ਵਿਧਾਨ ਸਭਾ ਹਲਕੇ ਵਿਚ ਵੀ ਉਪ ਚੋਣ ਜ਼ਰੂਰੀ ਹੋਵੇਗੀ। ਫ਼ਗਵਾੜਾ ਤੇ ਚੱਬੇਵਾਲ ਵਿਚੋਂ ਵੀ ਇਕ ਹਲਕਾ ਜ਼ਰੂਰ ਖ਼ਾਲੀ ਹੋਵੇਗਾ ਕਿਉਂਕਿ ਭਾਜਪਾ ਦੇ ਸੋਮ ਪ੍ਰਕਾਸ਼ ਅਤੇ ਕਾਂਗਰਸ ਦੇ ਡਾ. ਰਾਜ ਕੁਮਾਰ, ਦੋਵੇਂ ਹੀ ਵਿਧਾਇਕ ਹੁਸ਼ਿਆਰਪੁਰ ਰਿਜ਼ਰਵ ਸੀਟ ਤੋਂ ਲੋਕ ਸਭਾ ਵਿਚ ਜਾਣ ਲਈ ਚੋਣ ਪ੍ਰਚਾਰ ਵਿਚ ਮਿਹਨਤ ਨਾਲ ਲੱਗੇ ਹੋਏ ਹਨ। ਕਪੂਰਥਲਾ ਦੀ ਭੁਲੱਥ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਜ਼ਰੂਰੀ ਹੈ ਕਿਉਂਕਿ ਸੁਖਪਾਲ ਖਹਿਰਾ ਚਾਹੇ ਬਠਿੰਡਾ ਤੋਂ ਹਾਰ ਵੀ ਜਾਏ ਉਸ ਨੇ ਪਹਿਲਾਂ ਹੀ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ। ਅਸਤੀਫ਼ਾ ਵੀ ਦੇ ਚੁੱਕੇ ਹਨ।