ਕਾਨੂੰਨ ਵਿਵਸਥਾ ਕਾਇਮ ਰਖਣਾ ਮੇਰੀ ਪਹਿਲੀ ਜ਼ਿੰਮੇਵਾਰੀ: ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਰਮਕ ਮਾਮਲਿਆਂ ਵਿਚ ਕਥਿਤ ਦਖ਼ਲਅੰਦਾਜ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਲੋਂ ਕੀਤੇ 'ਇਤਰਾਜ਼' ਦਾ ਨੋਟਿਸ ਲੈਂਦਿਆਂ ...

Captain Amarinder Singh

ਚੰਡੀਗੜ੍ਹ, ਧਾਰਮਕ ਮਾਮਲਿਆਂ ਵਿਚ ਕਥਿਤ ਦਖ਼ਲਅੰਦਾਜ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਲੋਂ ਕੀਤੇ 'ਇਤਰਾਜ਼' ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਣਾਈ ਰਖਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। 

ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਕ ਦੂਜੇ ਨੂੰ ਦਿਤੀਆਂ ਜਾ ਰਹੀਆਂ ਧਮਕੀਆਂ ਸਭਿਅਕ ਸਮਾਜ ਵਿਚ ਪ੍ਰਵਾਨਯੋਗ ਨਹੀਂ ਹਨ ਅਤੇ ਉਹ ਨਾ ਹੀ ਮੁੱਖ ਮੰਤਰੀ ਵਜੋਂ ਅਤੇ ਨਾ ਹੀ ਇਕ ਵਿਅਕਤੀ ਵਜੋਂ ਇਨ੍ਹਾਂ ਨੂੰ ਪ੍ਰਵਾਨ ਕਰਦੇ ਹਨ।  ਦਮਦਮੀ ਟਕਸਾਲ ਅਤੇ ਰਣਜੀਤ ਸਿੰਘ ਢਡਰੀਆਂਵਾਲਾ

ਵਿਚਕਾਰ ਮੱਤਭੇਦਾਂ ਬਾਰੇ ਉਨ੍ਹਾਂ ਵਲੋਂ ਪ੍ਰਗਟਾਈ ਸ਼ੰਕਾ ਨਾਲ ਸਬੰਧਤ ਅਖ਼ਬਾਰ ਵਿਚ ਛਪੇ ਬਿਆਨ 'ਤੇ ਮੁੱਖ ਮੰਤਰੀ ਨੇ ਲੌਂਗੋਵਾਲ ਨੂੰ ਲਿਖਿਆ ਹੈ ਕਿ ਜੇ ਵੱਖ-ਵੱਖ ਸਿੱਖ ਸੰਪਰਦਾਵਾਂ ਵਿਚਕਾਰ ਰਾਇ ਸਬੰਧੀ ਮੱਤਭੇਦ ਹਨ ਤਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਹੋਣ ਦੇ ਨਾਤੇ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਇਨ੍ਹਾਂ ਦਾ ਹੱਲ ਕਰੋ ਜਾਂ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਦਖ਼ਲ ਦੀ ਮੰਗ ਕਰੋ।

ਮੁੱਖ ਮੰਤਰੀ ਨੇ ਲਿਖਿਆ ਹੈ ਕਿ ਪੰਜਾਬ ਬਹੁਤ ਮੁਸ਼ਕਲਾਂ ਭਰੇ ਸਮੇਂ ਵਿਚ ਗੁਜ਼ਰਿਆ ਹੈ ਅਤੇ ਹੁਣ ਉਹ ਸਮਾਂ ਹੈ ਜਦੋਂ ਐਸ.ਜੀ.ਪੀ.ਸੀ. ਵਲੋਂ ਅਜਿਹੇ ਮਾਮਲਿਆਂ ਦੇ ਦੋਸਤਾਨਾ ਹੱਲ ਵਾਸਤੇ ਪਹਿਲਕਦਮੀ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਤੁਸੀਂ ਐਸ ਜੀ ਪੀ ਸੀ ਦੇ ਪ੍ਰਧਾਨ ਹੋ ਅਤੇ ਇਸ ਸਬੰਧ ਵਿਚ ਜ਼ਰੂਰੀ ਕਦਮ ਚੁੱਕਣਾ ਤੁਹਾਡੀ ਜ਼ਿੰਮੇਵਾਰੀ ਹੈ। 

ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ ਕਿ ਉਹ ਬਾਦਲਾਂ ਦੀ ਕਠਪੁਤਲੀ ਬਣਨ ਦੀ ਬਜਾਏ ਸਿੱਖ ਪੰਥ ਦੇ ਪ੍ਰਚਾਰ, ਪਸਾਰ ਤੇ ਚੜ੍ਹਦੀ ਕਲਾ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰੂ ਦੇ ਸੱਚੇ ਸਿੱਖ ਹਨ ਅਤੇ ਅਕਾਲੀ ਦਲ ਪੰਥ ਦੋਖੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਪਹਿਲਾਂ ਹਨ, ਮੁੱਖ ਮੰਤਰੀ ਬਾਅਦ ਵਿਚ, ਇਸ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਮੁੱਖ ਮੰਤਰੀ ਨੂੰ ਧਾਰਮਕ ਮਾਮਲਿਆਂ ਬਾਰੇ ਕੋਈ ਨਸੀਹਤ ਨਾ ਦੇਣ।