ਕਰਤਾਰਪੁਰ ਲਾਂਘੇ ਦਾ ਕੰਮ ਰੁਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬੇ ਨਾਨਕ ਦੇ ਰਾਹ 'ਚ ਆਏ ਦੋ ਪ੍ਰਾਚੀਨ ਧਰਮ

Kartarpur Sahib

ਡੇਰਾ ਬਾਬਾ ਨਾਨਕ: ਸਾਲ 2018 ਵਿਚ ਜਦੋਂ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਹਾਮੀ ਭਰੀ ਸੀ ਤਾਂ ਨਾਨਕ ਨਾਮਲੇਵਾ ਸੰਗਤ 'ਚ ਭਾਰੀ ਖ਼ੁਸ਼ੀ ਪਾਈ ਗਈ ਸੀ ਤੇ ਫਿਰ ਕਈ ਵਾਰ ਦੋਹਾਂ ਸਰਕਾਰਾਂ ਦੇ ਉਚ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਹੋਈਆਂ, ਕਈ ਗੱਲਾਂ 'ਤੇ ਸਹਿਮਤੀ ਵੀ ਬਣੀ ਤੇ ਕਈ ਅੱਧ ਵਿਚਾਲੇ ਵੀ ਰਹਿ ਗਈਆਂ ਪਰ ਫਿਰ ਵੀ ਦੋਹਾਂ ਸਰਕਾਰਾਂ ਨੇ ਅਹਿਦ ਕੀਤਾ ਕਿ ਕਰਤਾਰਪੁਰ ਲਾਂਘਾ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਸੰਗਤ ਨੂੰ ਸਮਰਪਤ ਕਰ ਦਿਤਾ ਜਾਵੇਗਾ।

ਦੂਜੇ ਸ਼ਬਦਾਂ ਵਿਚ ਕਹਿ ਲਈਏ ਕਿ ਇਸ ਸਾਲ ਇਹ ਲਾਂਘਾ ਚਾਲੂ ਹੋ ਜਾਵੇਗਾ। ਉਧਰ ਪਾਕਿਸਤਾਨ ਵਾਲੇ ਪਾਸੇ ਤਾਂ ਲਾਂਘੇ ਦਾ ਕੰਮ ਕਰੀਬ ਪੂਰਾ ਹੋਣ ਵਾਲਾ ਹੋ ਗਿਆ ਪਰ ਭਾਰਤ ਵਲ ਪਹਿਲਾਂ ਤਾਂ ਸਰਕਾਰਾਂ ਤੇ ਅਧਿਕਾਰੀਆਂ ਨੇ ਸੰਜੀਦਗੀ ਨਹੀਂ ਦਿਖਾਈ ਪਰ ਜਦੋਂ ਕੰਮ ਸ਼ੁਰੂ ਹੋਣ ਲੱਗਾ ਤਾਂ ਵਿਚ ਕਈ ਪ੍ਰਕਾਰ ਦੇ ਅੜਿੱਕੇ ਪੈਣੇ ਸ਼ੁਰੂ ਹੋ ਗਏ। ਸੱਭ ਤੋਂ ਪਹਿਲਾਂ ਤਾਂ ਕਿਸਾਨਾਂ ਨੇ ਰੌਲਾ ਪਾ ਲਿਆ ਕਿ ਪਹਿਲਾਂ ਐਕਵਾਇਰ ਕੀਤੀ ਜ਼ਮੀਨ ਦਾ ਵਾਜ਼ਬ ਮੁਆਵਜ਼ਾ ਦਿਤਾ ਜਾਵੇ, ਫਿਰ ਕੰਮ ਸ਼ੁਰੂ ਕਰਨ ਦਿਤਾ ਜਾਵੇਗਾ।

ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਨਾਇਆ ਤਾਂ ਪਾਕਿਸਤਾਨ ਨੇ ਸ਼ਰਤਾਂ ਰਖਣੀਆਂ ਸ਼ੁਰੂ ਕਰ ਦਿਤੀਆਂ। ਖੈਰ, ਫਿਰ ਵੀ ਸਾਰੇ ਅੜਿੱਕੇ ਖ਼ਤਮ ਕਰ ਕੇ ਲਾਂਘੇ ਦੀ ਉਸਾਰੀ ਵਹਾਅ 'ਚ ਸ਼ੁਰੂ ਕਰ ਦਿਤੀ। ਹੁਣੇ-ਹੁਣੇ ਪਤਾ ਲੱਗਾ ਹੈ ਕਿ ਲਾਂਘੇ ਦਾ ਕੰਮ ਇਕ ਵਾਰ ਫਿਰ ਰੁਕ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਬਾਬੇ ਨਾਨਕ ਦੇ ਰਾਹ ਵਿਚ ਦੋ ਪ੍ਰਾਚੀਨ ਧਰਮਾਂ ਦੇ ਸਥਾਨ ਆ ਗਏ ਹਨ। ਕਰਤਾਰਪੁਰ ਸਾਹਿਬ ਲਾਂਘੇ ਵਿਚ ਇੱਕ ਨਵਾਂ ਅੜਿੱਕਾ ਪੈ ਗਿਆ ਹੈ। ਦਰਅਸਲ, ਲਾਂਘੇ ਦੇ ਰਾਹ ਵਿਚ ਇਕ ਦਰਗ਼ਾਹ ਤੇ ਇਕ ਇਤਿਹਾਸਕ ਮੰਦਰ ਆਉਂਦਾ ਹੈ।

ਇਕ ਪਾਸੇ ਭੋਲੇ ਨਾਥ ਦਾ ਪੁਰਾਤਨ ਮੰਦਰ ਹੈ ਤੇ ਦੂਜੇ ਪਾਸੇ ਪੁਸ਼ਤੈਨੀ ਜ਼ਮੀਨ ਉੱਤੇ ਬਣੀ ਦਰਗ਼ਾਹ। ਕਰਤਾਰਪੁਰ ਕਾਰੀਡੋਰ ਲਈ ਬੇਸ਼ੱਕ ਕੰਮ ਜਾਰੀ ਹੈ ਪਰ ਇਨ੍ਹਾਂ ਦੋਹਾਂ ਥਾਵਾਂ ਉੱਤੇ ਕੰਮ ਰੁਕ ਚੁੱਕਿਆ। ਹੁਣ ਕਰਤਾਰਪੁਰ ਸਾਹਿਬ ਪੁੱਜਣ ਲਈ ਇਸ ਮੰਦਰ ਤੇ ਮਜ਼ਾਰ, ਦੋਵਾਂ ਨੂੰ ਲਾਂਘੇ ਦੇ ਰਸਤੇ ਵਿਚੋਂ ਹਟਾਉਣਾ ਪਵੇਗਾ, ਪਰ ਇਹ ਇੰਨਾ ਆਸਾਨ ਨਹੀਂ ਜਾਪਦਾ। ਅਪਣੇ ਪੁਰਖ਼ਿਆਂ ਦੀ ਮਜ਼ਾਰ ਨੂੰ ਹਟਾਉਣ ਲਈ ਲੋਕ ਤਿਆਰ ਨਹੀਂ ਤੇ ਨਾ ਹੀ ਇਹ ਲੋਕ ਅਪਣੀ ਜ਼ਮੀਨ ਦੇਣ ਨੂੰ ਤਿਆਰ ਹਨ।

ਇਨ੍ਹਾਂ ਲੋਕਾਂ ਮੁਤਾਬਕ ਪਟਵਾਰੀ ਤੇ ਐਸ.ਡੀ.ਐਮ. ਦੀ ਅਣਗਹਿਲੀ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਹੈ, ਜਦਕਿ ਮਜ਼ਾਰ ਸਬੰਧੀ ਉਹ ਕਾਰੀਡੋਰ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੇ ਸਨ। ਸਾਰਾ ਮਾਮਲਾ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿਚ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਜਲਦ ਇਸ ਧਰਮ ਸੰਕਟ ਵਿਚੋਂ ਨਿਕਲਣ ਦਾ ਦਾਅਵਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਈ ਵੱਡੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਹੁਣੇ ਹੁਣੇ ਕਰਤਾਰਪੁਰ ਲਾਂਘੇ ਦੇ ਕੰਮ ਨੇ ਰਫ਼ਤਾਰ ਫੜੀ ਸੀ ਪਰ ਇਕ ਵਾਰ ਫਿਰ ਕੰਮ ਦੀ ਰਫ਼ਤਾਰ ਧਰਮ ਸੰਕਟ ਵਿਚ ਉਲਝ ਚੁੱਕੀ ਹੈ।

ਮੰਦਰ ਤੇ ਮਸਜਿਦ ਨੇੜੇ 100-100 ਮੀਟਰ ਦਾ ਕੰਮ ਪੂਰੀ ਤਰ੍ਹਾਂ ਰੁਕ ਚੁੱਕਿਆ ਤੇ ਹੁਣ ਇਸ ਧਰਮ ਸੰਕਟ ਵਿਚੋਂ ਪ੍ਰਸ਼ਾਸਨ ਕਿਵੇਂ ਨਿਕਲੇਗਾ ਤੇ ਕਦੋਂ ਰੁਕਿਆ ਇਹ ਕੰਮ ਮੁੜ ਰਫ਼ਤਾਰ ਫੜੇਗਾ, ਇਸ ਉੱਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।