ਡੀ-ਗ੍ਰੇਡ ਕਰਮਚਾਰੀਆਂ ਨੂੰ ਲੜਕੀ ਦੇ ਵਿਆਹ ਲਈ ਮਿਲੇਗਾ ਬਿਨਾਂ ਵਿਆਜ਼ ਤੋਂ ਕਰਜ਼ਾ
ਪੰਜਾਬ ਸਰਕਾਰ ਵਲੋਂ ਡੀ-ਗ੍ਰੇਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿਤੀ ਗਈ ਹੈ। ਪੰਜਾਬ ‘ਚ ਜਿੰਨ੍ਹੇ ਵੀ ਕਰਮਚਾਰੀ ਵੱਖ-ਵੱਖ ਮਹਿਕਮਿਆਂ...
ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਵਲੋਂ ਡੀ-ਗ੍ਰੇਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿਤੀ ਗਈ ਹੈ। ਪੰਜਾਬ ‘ਚ ਜਿੰਨ੍ਹੇ ਵੀ ਕਰਮਚਾਰੀ ਵੱਖ-ਵੱਖ ਮਹਿਕਮਿਆਂ ਵਿਚ ਡੀ-ਗ੍ਰੇਡ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ ਉਨ੍ਹਾਂ ਲਈ ਸਰਕਾਰ ਨੇ ਲੜਕੀ ਦੇ ਵਿਆਹ ਲਈ ਬਿਨ੍ਹਾਂ ਵਿਆਜ਼ ਦੇ ਕਰਜ਼ੇ ਦੀ ਰਾਸ਼ੀ 50 ਹਜ਼ਾਰ ਤੋਂ ਵਧਾ ਕੇ 1 ਲੱਖ ਕਰ ਦਿਤੀ ਹੈ।
ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਇਸ ਸਬੰਧੀ ਪੱਤਰ ਜਾਰੀ ਕਰਦੇ ਹੋਏ ਇਹ ਸੂਚਨਾ ਦਿਤੀ ਹੈ ਕਿ ਕਰਜ਼ਾ ਦੇਣ ਦੀਆਂ ਹਦਾਇਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਪਰ ਕਰਜ਼ਾ ਰਾਸ਼ੀ 50 ਹਜ਼ਾਰ ਤੋਂ ਵਧਾ ਕੇ 1 ਲੱਖ ਤੱਕ ਕਰ ਦਿਤੀ ਗਈ ਹੈ। ਇਹ ਪੱਤਰ ਮੰਡੀ ਬੋਰਡ ਦੀ ਮਹਿਲਾ ਅਫ਼ਸਰ ਪਰਮਜੀਤ ਕੌਰ ਦੇ ਦਸਤਖ਼ਤਾਂ ਹੇਠਾਂ ਜਾਰੀ ਹੋਇਆ ਹੈ।
ਇਸ ਵਿਚ ਇਕ ਖ਼ਾਸ ਤੌਰ ‘ਤੇ ਹਦਾਇਤ ਦਿਤੀ ਗਈ ਹੈ ਕਿ ਲੜਕੀ ਨਬਾਲਗ ਨਹੀਂ ਹੋਣੀ ਚਾਹੀਦੀ ਮਤਲਬ ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਇਹ ਕਰਜ਼ਾ ਸਿਰਫ਼ 2 ਵਾਰ ਹੀ ਲਿਆ ਜਾ ਸਕਦਾ ਹੈ। ਇਸ ਵਿਚ ਇਕ ਗੱਲ ਹੋਰ ਦੱਸੀ ਗਈ ਹੈ ਕਿ ਜੇਕਰ ਪਹਿਲੀ ਲੜਕੀ ਦੇ ਵਿਆਹ ਦਾ ਲੋਨ ਵਾਪਸ ਨਹੀਂ ਹੁੰਦਾ ਤਾਂ ਦੋਹਾਂ ਲੜਕੀਆਂ ਲਈ ਇਕ ਲੱਖ ਦਾ ਲੋਨ ਹੀ ਦਿਤਾ ਜਾਵੇਗਾ।
ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੋਨ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਵਿਆਹ ਤੋਂ 3 ਮਹੀਨੇ ਪਹਿਲਾਂ ਦੇਣਾ ਹੋਵੇਗਾ ਪਰ ਜੇਕਰ ਲੋਨ ਜਲਦੀ ਪਾਸ ਹੋ ਜਾਂਦਾ ਹੈ ਤਾਂ ਵਿਆਹ ਤੋਂ ਦੋ ਮਹੀਨੇ ਪਹਿਲਾਂ ਹੀ ਪੈਸੇ ਕਢਵਾਏ ਜਾ ਸਕਦੇ ਹਨ।