ਪਾਰਟੀਆਂ 'ਚ ਲੀਡਰ ਬਦਲਦੇ ਰਹਿੰਦੇ ਨੇ ਪਰ ਨੀਤੀਆਂ ਨਹੀਂ- ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕਮਾਨ ਇਕ ਵਾਰ ਫੇਰ ਭਗਵੰਤ ਮਾਨ ਸੰਭਾਲਣਗੇ। ਅੱਜ ਚੰਡੀਗੜ੍ਹ ਵਿਚ ਆਪ ਦੀ ਕੇਂਦਰੀ ਲੀਡਰਸ਼ਿਪ ਦੀ ਮੌਜੂਦਗੀ...

Bhagwant Mann

ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕਮਾਨ ਇਕ ਵਾਰ ਫੇਰ ਭਗਵੰਤ ਮਾਨ ਸੰਭਾਲਣਗੇ। ਅੱਜ ਚੰਡੀਗੜ੍ਹ ਵਿਚ ਆਪ ਦੀ ਕੇਂਦਰੀ ਲੀਡਰਸ਼ਿਪ ਦੀ ਮੌਜੂਦਗੀ ਵਿਚ ਭਗਵੰਤ ਮਾਨ ਨੂੰ ਮੁੜ ਤੋਂ ਪ੍ਰਧਾਨ ਦਾ ਅਹੁਦਾ ਦੇ ਦਿਤਾ ਗਿਆ। ਪ੍ਰਧਾਨਗੀ ਦਾ ਅਹੁਦਾ ਮਿਲਦਿਆਂ ਹੀ ਭਗਵੰਤ ਮਾਨ ਨੇ ਮੁੜ ਦੁਹਰਾਇਆ ਕਿ ਉਹ ਪੰਜਾਬ ਵਿਚ ਆਪ ਨੂੰ ਮੁੜ ਤੋਂ ਮਜ਼ਬੂਤ ਬਣਾਉਣਗੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੇ ਜਿਹੜੇ ਵਲੰਟੀਅਰ ਪਾਰਟੀ ਤੋਂ ਨਾਰਾਜ਼ ਹੋ ਕੇ ਘਰਾਂ ਵਿਚ ਬੈਠੇ ਹਨ ਉਨ੍ਹਾਂ ਨੂੰ ਅਸੀਂ ਫਿਰ ਮਨਾ ਕੇ ਪਾਰਟੀ ਵਿਚ ਲੈ ਕੇ ਆਵਾਂਗੇ ਅਤੇ ਪੂਰੇ ਪੰਜਾਬ ਨੂੰ ਨਾਲ ਲੈ ਕੇ ਤੁਰਾਂਗੇ।

ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਕੁਝ ਲਾਲਚੀ ਲੋਕ ਆਏ ਸੀ ਜਿੰਨ੍ਹਾਂ ਨੂੰ ਅਹੁਦਿਆਂ ਦਾ ਲਾਲਚ ਸੀ ਪਰ ਉਹ ਹੁਣ ਪਾਰਟੀ ਵਿਚੋਂ ਬਾਹਰ ਜਾ ਚੁੱਕੇ ਹਨ। ਪਾਰਟੀ ਵਿਚ ਨੇਤਾ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਪਾਰਟੀਆਂ ਦੀਆਂ ਨੀਤੀਆਂ ਨਹੀਂ ਬਦਲਣਗੀਆਂ। ਇਸ ਦੌਰਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਸਰਕਾਰ ‘ਤੇ ਕਈ ਤਿੱਖੇ ਹਮਲੇ ਕਰਦੇ ਹੋਏ ਕਿਹਾ ਅਕਾਲੀ ਅਤੇ ਕਾਂਗਰਸੀ ਇਕ ਦੂਜੇ ਨਾਲ ਸ਼ੁਰੂ ਤੋਂ ਹੀ ਮਿਲੇ ਹੋਏ ਹਨ।

ਕਾਂਗਰਸ ਸਰਕਾਰ ਦੇ ਦੋ ਸਾਲ ਬੀਤ ਚੁੱਕੇ ਹਨ ਪਰ ਪੰਜਾਬ ਸਰਕਾਰ ਨੂੰ ਛੱਡ ਕੇ ਕਿਸਾਨ, ਅਧਿਆਪਕ, ਆਂਗਨਵਾੜੀ ਮੁਲਾਜ਼ਮ, ਬੇਰੁਜ਼ਗਾਰ, ਮਿਡ-ਡੇ-ਮੀਲ ਅਤੇ ਵਪਾਰੀ ਸੜਕਾਂ ‘ਤੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਪਾਰਲੀਮੈਂਟ ਸ਼ੁਰੂ ਹੋ ਰਹੀ ਹੈ ਜਿਸ ਵਿਚ ਮੈਂ ਫਿਰ ਤੋਂ ਪੰਜਾਬ ਦੇ ਮਸਲੇ ਚੁਕਾਂਗੇ। ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਹੈ ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ।

ਸਵਾਮੀਨਾਥਨ ਰਿਪੋਰਟ ਜੋ ਕਿ ਦਿੱਲੀ ਵਿਚ ਲਾਗੂ ਕਰ ਦਿਤੀ ਗਈ ਹੈ ਪਰ ਪੰਜਾਬ ਵਿਚ ਲੋਕਾਂ ਵਲੋਂ ਸੰਘਰਸ਼ ਕਰਨ ਦੇ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿਤਾ ਗਿਆ। ਦਿੱਲੀ ਦੇ ਹਸਪਤਾਲਾਂ ਵਿਚ ਵਰਲਡ ਲੈਵਲ ਦਾ ਇਲਾਜ ਸਰਕਾਰ ਨੇ ਮੁਫ਼ਤ ਕੀਤਾ ਹੈ ਪਰ ਪੰਜਾਬ ਦੇ ਹਸਪਤਾਲ ਖ਼ੁਦ ਬਿਮਾਰ ਪਏ ਹਨ। ਦਿੱਲੀ ਵਿਚ ਬਿਜਲੀ ਦੀ ਕੀਮਤ 1 ਰੁਪਏ ਯੂਨਿਟ ਹੈ ਹਾਲਾਂਕਿ ਦਿੱਲੀ ਬਿਜਲੀ ਖ਼ਰੀਦਦਾ ਹੈ ਪਰ ਪੰਜਾਬ ਕੋਲ ਅਪਣੇ ਖ਼ੁਦ ਦੇ ਡੈਮ ਹਨ।

ਇਸ ਦੇ ਬਾਵਜੂਦ ਵੀ ਪੰਜਾਬ ਵਿਚ ਬਿਜਲੀ ਦੀ ਯੂਨਿਟ 8 ਤੋਂ 10 ਰੁਪਏ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਵੀ ਚੀਜ਼ ਅਜਿਹੀ ਨਹੀਂ ਬਾਕੀ ਛੱਡੀ ਜਿਸ ‘ਤੇ ਟੈਕਸ ਨਾ ਲੱਗਿਆ ਹੋਵੇ। ਪੰਜਾਬ ਦੇ ਅਧਿਆਪਕਾਂ ਦੀ ਤਨਖ਼ਾਹ 35 ਹਜ਼ਾਰ ਤੋਂ 15 ਹਜ਼ਾਰ ਕਰ ਦਿਤੀ। ਉੱਥੇ ਹੀ ਦਿੱਲੀ ‘ਚ ਆਪ ਨੇ ਸੱਤਾ ਵਿਚ ਆਉਣ ਤੋਂ ਬਾਅਦ 17 ਤੋਂ 34 ਹਜ਼ਾਰ ਤਨਖ਼ਾਹ ਕਰ ਦਿਤੀ। ਉਨ੍ਹਾਂ ਨੇ ਕਿਹਾ ਕਿ ਬਜਟ ਸੈਸ਼ਨ 12 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਅਸੀਂ ਸਾਰੇ ਮੁੱਦੇ ਚੁੱਕਣ ਲਈ ਤਿਆਰ ਬੈਠੇ ਹਾਂ।

ਇੱਥੋਂ ਤੱਕ ਕਿ ਅਸੀਂ ਲੋਕਾਂ ਨੇ ਨਾਲ ਸੜਕਾਂ ‘ਤੇ ਵੀ ਖੜ੍ਹੇ ਹੋਣ ਲਈ ਤਿਆਰ ਹਾਂ। ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਚੌਂਕੀਦਾਰੀ ਕਰਨੀ ਤਾਂ ਜੋ ਸਰਕਾਰ ਮਨਮਰਜ਼ੀ ਨਾ ਕਰੇ। ਇਸ ਲਈ ਅਸੀਂ ਅਪਣਾ ਵਿਰੋਧੀ ਧਿਰ ਹੋਣ ਦਾ ਪੂਰਾ ਫਰਜ਼ ਨਿਭਾਵਾਂਗੇ। ਇਸ ਲਈ ਭਾਵੇਂ ਜੋ ਵੀ ਕਰਨਾ ਪਵੇ ਉਹ ਕਰਾਂਗੇ। ਪਾਰਲੀਮੈਂਟ ਵਿਚ ਵੀ ਵਿਰੋਧੀ ਧਿਰ ਦਾ ਪੂਰਾ ਫਰਜ਼ ਅਸੀਂ ਪਹਿਲਾਂ ਹੀ ਨਿਭਾ ਰਹੇ ਹਾਂ ਭਾਵੇਂ ਉਹ ਕੈਂਸਰ ਦਾ ਮੁੱਦਾ ਹੋਵੇ ਚਾਹੇ ਕੋਈ ਹੋਰ ਹੋਵੇ।