ਹੀਥਰੋ-ਅੰਮ੍ਰਿਤਸਰ ਵਿਚਕਾਰ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੀ ਪਹਿਲ
ਲੰਦਨ ਤੇ ਅੰਮ੍ਰਿਤਸਰ ਵਿਚਕਾਰ ਮੁੜ੍ਹ ਤੋਂ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਮਨੋਰਥ ਨਾਲ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ...
ਚੰਡੀਗੜ੍ਹ: ਲੰਦਨ ਤੇ ਅੰਮ੍ਰਿਤਸਰ ਵਿਚਕਾਰ ਮੁੜ੍ਹ ਤੋਂ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਦੇ ਮਨੋਰਥ ਨਾਲ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਲੰਦਨ ਸਥਿਤ ਏਅਰ ਇੰਡੀਆ ਦੇ ਬਰਤਾਨੀਆਂ ਅਤੇ ਯੂਰਪ ਓਪਰੇਸ਼ਨਜ਼ ਦੇ ਤਾਇਨਾਤ ਹੋਏ ਨਵੇਂ ਮੁਖੀ ਦੇਬਾਸ਼ੀਸ਼ ਗੋਲਡਰ ਨਾਲ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਤਰਾਂ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਹੀਥਰੋ (ਬਰਤਾਨੀਆਂ) ਵਿਚਾਲੇ ਚਿਰਾਂ ਤੋਂ ਬੰਦ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ ਸ਼ੁਰੂ ਹੋਣ ਦੀ ਆਸ ਬੱਝੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਢੇਸੀ ਨੇ ਦਸਿਆ ਕਿ ਇਹ ਉਡਾਣਾਂ ਮੁੜ੍ਹ ਚਾਲੂ ਕਰਵਾਉਣ ਲਈ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਏਅਰ ਇੰਡੀਆ ਦੀ ਲੰਦਨ ਸਥਿਤ ਮੁਖੀ ਮੈਡਮ ਤਾਰਾ ਨਾਇਡੂ ਨਾਲ ਵੀ ਗੱਲਬਾਤ ਕਰ ਕੇ ਇਸ ਸਬੰਧੀ ਚਾਰਾਜੋਈ ਕਰਨ ਲਈ ਜ਼ੋਰ ਪਾਇਆ ਸੀ ਅਤੇ ਇਸ ਬਾਰੇ ਹੋਈ ਪ੍ਰਗਤੀ ਸਬੰਧੀ ਅੱਜ ਗੋਲਡਰ ਨੂੰ ਵੀ ਜਾਣੂ ਕਰਵਾਇਆ ਗਿਆ। ਇਸ ਮੁਲਾਕਾਤ ਮੌਕੇ ਏਅਰ ਇੰਡੀਆ ਦੀ ਮਾਰਕੀਟਿੰਗ ਅਧਿਕਾਰੀ ਦੀਪਕ ਚੁਦਸਮਾ ਤੋ ਇਲਾਵਾ ਜਸਵਿੰਦਰ ਸਿੰਘ ਰੱਖੜਾ, ਅਵਨੀ ਗੰਟਾਰਾ ਆਦਿ ਵੀ ਨਾਲ ਸਨ।
ਸੰਸਦ ਮੈਂਬਰ ਢੇਸੀ ਨੇ ਏਅਰ ਇੰਡੀਆ ਦੇ ਮੁਖੀ ਨੂੰ ਦਸਿਆ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਇਨਾਂ ਉਡਾਣਾਂ ਦੀ ਮੁੜ ਬਹਾਲੀ ਖਾਤਰ ਉਹ ਪਹਿਲਾਂ ਹੀ ਅਪਣੀ ਭਾਰਤ ਫੇਰੀ ਮੌਕੇ ਦਿੱਲੀ ਸਥਿਤ ਕੇਂਦਰੀ ਮੰਤਰੀਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਨ ਤਾਂ ਜੋ ਪੰਜਾਬੀ ਭਾਈਚਾਰੇ ਦੀ ਲੰਮੇ ਚਿਰ ਤੋਂ ਚੱਲੀ ਆ ਰਹੀ
ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ ਇਸ ਫਲਾਈਟ ਦੇ ਚਾਲੂ ਹੋਣ ਨਾਲ ਜਿੱਥੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਬਰਤਾਨੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਪਰਵਾਸੀ ਭਾਰਤੀਆਂ ਨੂੰ ਵੀ ਆਪਣੀ ਵਤਨ ਫੇਰੀ ਲਈ ਸੁਖਾਲਾ ਹੋ ਜਾਵੇਗਾ।ਢੇਸੀ ਨੇ ਕਿਹਾ ਕਿ ਗੋਲਡਰ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਬਹੁਤ ਗੌਰ ਨਾਲ ਸੁਣਿਆਂ ਅਤੇ ਭਰੋਸਾ ਦਿਤਾ ਕਿ ਉਹ ਇਹ ਤਜਵੀਜ਼ ਸਬੰਧੀ ਨਵੀਂ ਦਿੱਲੀ ਸਥਿਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਨਗੇ ਅਤੇ ਅੰਮ੍ਰਿਤਸਰ-ਹੀਥਰੋ ਹਵਾਈ ਉਡਾਣਾਂ ਨੂੰ ਮੁੜ ਬਹਾਲ ਕਰਾਉਣ ਲਈ ਅਪਣੇ ਪੂਰੇ ਯਤਨ ਲਾਉਣਗੇ।