ਨਸ਼ੇ ਨੇ ਤਬਾਹ ਕੀਤੇ ਤਿੰਨ ਹੋਰ ਪਰਵਾਰ
ਹਰੀਕੇ ਪੱਤਣ/ਬਟਾਲਾ/ਕਲਾਨੌਰ/ ਤਰਨਤਾਰਨ/ ਝਬਾਲ, 29 ਜੂਨ: ਨਸ਼ੇ ਦੀ ਵੱਧ ਮਾਤਰਾ ਲੈਣ ਕਰ ਕੇ ਅਪਣੀ ਜਾਨ ਤੋਂ ਹੱਥ ਧੋਣ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਲਗਾਤਾਰ ਵਾਧਾ ...
ਹਰੀਕੇ ਪੱਤਣ/ਬਟਾਲਾ/ਕਲਾਨੌਰ/ ਤਰਨਤਾਰਨ/ ਝਬਾਲ, 29 ਜੂਨ: ਨਸ਼ੇ ਦੀ ਵੱਧ ਮਾਤਰਾ ਲੈਣ ਕਰ ਕੇ ਅਪਣੀ ਜਾਨ ਤੋਂ ਹੱਥ ਧੋਣ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਪੰਜਾਬ ਦੇ ਵੱਖੋ-ਵੱਖ ਇਲਾਕਿਆਂ 'ਚ ਤਿੰਨ ਹੋਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ। ਇਸ ਮਹੀਨੇ ਵਿਚ ਇਹ ਦਸਵੀਂ ਮੌਤ ਹੈ, ਜੋ ਨਸ਼ੇ ਦੀ ਵੱਧ ਮਾਤਰਾ ਲੈਣ ਕਰ ਕੇ ਹੋਈ।
ਪਹਿਲੀ ਘਟਨਾ 'ਚ ਹਰੀਕੇ ਪੱਤਣ ਦੇ ਪਿੰਡ ਕਿਰਤੋਵਾਲ ਕਲਾਂ ਵਿਖੇ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਪਿੰਡ ਕਿਰਤੋਵਾਲ ਦੇ ਦੋ ਨੌਜਵਾਨਾਂ ਸਿੰਦਬਾਦ ਸਿੰਘ ਪੁੱਤਰ ਮਹਾਂਬੀਰ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਹਜ਼ੂਰਾ ਸਿੰਘ ਨੇ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕੀਤਾ, ਜਿਸ ਤੋਂ ਬਾਅਦ ਸਿੰਦਬਾਦ ਸਿੰਘ (ਉਮਰ 21 ਸਾਲ) ਦੀ ਮੌਤ ਹੋ ਗਈ ਜਦਕਿ ਗਗਨਦੀਪ ਸਿੰਘ ਕਾਲੜਾ ਹਸਪਤਾਲ ਮਖੂ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪਿਛਲੇ ਇਕ ਮਹੀਨੇ ਦੌਰਾਨ ਇਸੇ ਪਿੰਡ ਵਿਚ ਨਸ਼ਿਆਂ ਕਾਰਨ ਇਹ ਤੀਜੀ ਮੌਤ ਹੈ।
ਨਸ਼ਿਆਂ ਦਾ ਦੂਜਾ ਸ਼ਿਕਾਰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਪਿੰਡ ਦੋਸਤਪੁਰ 'ਚ ਇਕ ਨੌਜਵਾਨ ਹੋਇਆ। ਮ੍ਰਿਤਕ ਚਰਨਜੀਤ ਸਿੰਘ ਦੇ ਚਾਚਾ ਬਲਜੀਤ ਸਿੰਘ ਨੇ ਦਸਿਆ ਕਿ ਚਰਨਜੀਤ ਸਿੰਘ (21) ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਕਲਾਨੌਰ ਆਇਆ ਹੋਇਆ ਸੀ। ਚਰਨਜੀਤ ਕਲਾਨੌਰ ਦੇ ਸੰਗਮ ਪੈਲੇਸ ਦੇ ਪਿੱਛੇ ਵੱਧ ਨਸ਼ਾ ਕਰਨ ਕਰ ਕੇ ਬੇਹੋਸ਼ ਪਿਆ ਹੋਇਆ ਸੀ, ਜਿਸ ਨੂੰ ਲੋਕਾਂ ਨੇ ਚੁੱਕ ਕੇ ਇਲਾਜ ਲਈ ਕਲਾਨੌਰ ਦੇ ਹਸਪਤਾਲ ਲਿਆਂਦਾ ਅਤੇ ਉਸ ਦੇ ਪ੍ਰਵਾਰ ਨੂੰ ਸੂਚਿਤ ਕੀਤਾ। ਬਾਅਦ 'ਚ ਦੀਨਾਨਗਰ ਦੇ ਚੋਹਾਂਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਅਜਿਹੇ ਤੀਜੇ ਮਾਮਲੇ 'ਚ ਤਰਨਤਾਰਨ ਦੇ ਪਿੰਡ ਮਨਣ ਦਾ ਇਕ ਨੌਜਵਾਨ ਵਧੇਰੇ ਮਾਤਰਾ ਵਿਚ ਨਸ਼ਾ ਲੈਣ ਕਰ ਕੇ ਅਪਣੀ ਜਾਨ ਗਵਾ ਬੈਠਾ। ਪ੍ਰਾਪਤ ਜਾਣਕਾਰੀ ਮੁਤਾਬਿਕ ਹਰਪਾਲ ਸਿੰਘ ਸੋਨੂ ਪੁੱਤਰ ਹੀਰਾ ਸਿੰਘ ਵਾਸੀ ਮਨਣ ਨਸ਼ਈ ਬਣ ਗਿਆ ਸੀ। ਮਿਹਨਤ ਮਜ਼ਦੂਰੀ ਕਰਦੇ ਪਿਤਾ ਹੀਰਾ ਸਿੰਘ ਨੇ ਅਪਣੇ ਪੁੱਤਰ ਦਾ ਇਲਾਜ ਨਸ਼ਾ ਛੁਡਾਊ ਕੇਂਦਰ ਤੋਂ ਕਰਵਾਇਆ ਪਰ ਪੈਸੇ ਦੀ ਕਮੀ ਕਰ ਕੇ ਇਹ ਇਲਾਜ ਪੂਰਾ ਨਹੀਂ ਹੋਇਆ। ਪਿੰਡ ਵਾਪਸ ਆ ਕੇ ਸੋਨੂ ਫਿਰ ਤੋਂ ਨਸ਼ੇ ਕਰਨ ਲੱਗਾ।
ਬੀਤੀ ਰਾਤ ਜਦ ਉਹ ਕੰਮ ਤੋਂ ਘਰ ਆਇਆ ਤਾਂ ਉਹ ਗੁਸਲਖਾਨੇ ਵਿਚ ਜਾ ਕੇ ਖ਼ੁਦ ਨੂੰ ਨਸ਼ੀਲਾ ਟੀਕਾ ਲਾਉਣ ਲੱਗਾ ਪਰ ਨਸ਼ੇ ਦੀ ਮਾਤਰਾ ਜ਼ਿਆਦਾ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ। ਅੱਜ ਪ੍ਰਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਹਲਕਾ ਵਿਧਾਇਕ ਡਾ.ਧਰਮਵੀਰ ਅਗਨੀਹੋਤਰੀ ਉਚੇਚੇ ਤੌਰ ਤੇ ਪਹੁੰਚੇ।