ਗੈਂਗਸਟਰ ਦਿਲਪ੍ਰੀਤ ਦੇ ਰਿਮਾਂਡ ਲਈ ਅਦਾਲਤ ਪੁੱਜੀਆਂ ਪੁਲਿਸ ਦੀਆਂ ਤਿੰਨ ਟੀਮਾਂ
ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਬਾਬਾ ਗਾਇਕ 'ਤੇ ਸਿੰਗਰ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਪਿੱਛਲੇ 14 ਦਿਨਾਂ ਤੋਂ ਫ਼ੇਜ਼-1 ਪੁਲਿਸ ਥਾਣੇ ਕੋਲ .............
ਐਸ.ਏ.ਐਸ.ਨਗਰ : ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਬਾਬਾ ਗਾਇਕ 'ਤੇ ਸਿੰਗਰ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਪਿੱਛਲੇ 14 ਦਿਨਾਂ ਤੋਂ ਫ਼ੇਜ਼-1 ਪੁਲਿਸ ਥਾਣੇ ਕੋਲ ਪੁਲਿਸ ਰਿਮਾਂਡ 'ਤੇ ਚਲ ਰਿਹਾ ਸੀ। ਸੋਮਵਾਰ ਨੂੰ ਪਿਛਲਾ ਰਿਮਾਂਡ ਖ਼ਤਮ ਹੋਣ ਉਪਰੰਤ ਦਿਲਪ੍ਰੀਤ ਢਾਹਾਂ ਨੂੰ ਅੱਜ ਕੜੀ ਸੁਰੱਖਿਆ ਵਿਚ ਸੀਜੇਐਮ ਮੋਹਿਤ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪਰੰਤੂ ਅੱਜ ਫੇਜ਼-1 ਪੁਲਿਸ ਵਲੋਂ ਰਿਮਾਂਡ ਦੀ ਮੰਗ ਨਾ ਕਰਨ 'ਤੇ ਜੱਜ ਮੋਹਿਤ ਬਾਂਸਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਨਿਆਇਕ ਹਿਰਾਸਤ ਭੇਜ ਦਿਤਾ।
ਦੂਜੇ ਪਾਸੇ ਫੇਜ਼-8 ਥਾਣਾ ਪੁਲਿਸ ਨੇ ਸਿੰਗਰ 'ਤੇ ਐਕਟਰ ਗਿੱਪੀ ਗਰੇਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਨੂੰ ਲੈ ਕੇ ਦਰਜ ਕੀਤੇ ਗਏ ਮਾਮਲੇ ਤਹਿਤ ਜੁਡੀਸ਼ੀਅਲ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਦੀ ਅਦਾਲਤ 'ਚ ਦਿਲਪ੍ਰੀਤ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਨੇ ਇਸ ਮਾਮਲੇ 'ਚ ਦਿਲਪ੍ਰੀਤ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਫੇਜ਼-8 ਥਾਣਾ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਅੱਜ ਵੀ ਦਿਲਪ੍ਰੀਤ ਢਾਹਾ ਨੂੰ ਮੈਡੀਕਲ ਫਿਟ ਨਾ ਹੋਣ ਦੇ ਚਲਦਿਆਂ ਐਂਬੂਲੈਂਸ ਵਿਚ ਹੀ ਰੱਖਿਆ ਜਿੱਥੇ ਜੱਜ ਹਰਪ੍ਰੀਤ ਸਿੰਘ ਨੇ ਐਂਬੂਲੈਂਸ ਵਿੱਚ ਹੀ ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਸਵਾਲ -ਜਵਾਬ ਕੀਤੇ ਅਤੇ ਉਸ ਤੋਂ ਬਾਅਦ ਰਿਮਾਂਡ ਦਿਤਾ।
ਜ਼ਿਕਰਯੋਗ ਹੈ ਕਿ ਗਿੱਪੀ ਗ੍ਰੇਵਾਲ ਦੀ 1 ਜੂਨ ਨੂੰ ਕੈਰੀ ਆਨ ਜੱਟਾ ਫ਼ਿਲਮ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਰਿਲੀਜਿੰਗ ਦੇ ਇਕ ਦਿਨ ਪਹਿਲਾਂ ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਨੇ ਲੱਚਰ ਗਾਣੇ ਗਾਉਣ ਦੇ ਚਲਦਿਆਂ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ। ਜਿਸ ਤੋਂ ਬਾਅਦ ਫ਼ੇਜ਼-8 ਥਾਣਾ ਪੁਲਿਸ ਨੇ ਗਿੱਪੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ।