ਕੇਂਦਰੀ ਜੇਲ ਰਖਿਆ ਮੁਲਾਜ਼ਮ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹਾਂ ਅੰਦਰ ਬੰਦ ਕੀਤੇ ਗੈਂਗਸਟਰਾਂ 'ਤੇ ਕੀਤੀ ਗਈ ਸਖਤੀ ਦਾ ਨਤੀਜਾ ਹੁਣ ਜੇਲ ਕਰਮਚਾਰੀਆਂ ਅਤੇ ਅਧਿਕਾਰੀਆਂ.......

Central Jail Firozpur

ਫ਼ਿਰੋਜ਼ਪੁਰ : ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹਾਂ ਅੰਦਰ ਬੰਦ ਕੀਤੇ ਗੈਂਗਸਟਰਾਂ 'ਤੇ ਕੀਤੀ ਗਈ ਸਖਤੀ ਦਾ ਨਤੀਜਾ ਹੁਣ ਜੇਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਜੇਲ੍ਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਘਰਾਂ 'ਤੇ ਹੁਣ ਹਮਲੇ ਹੋਣ ਲੱਗ ਪਏ ਹਨ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਤੈਨਾਤ ਹੌਲਦਾਰ ਤਰਸੇਮ ਲਾਲ ਸ਼ਰਮਾ ਦੇ ਘਰ ਪਿੰਡ ਬਾਜੀਦਪੁਰ ਦਾ ਸਾਹਮਣੇ ਆਇਆ ਹੈ ਜਿਥੇ ਤਰਸੇਮ ਲਾਲ ਸ਼ਰਮਾ ਦੇ ਘਰ 'ਤੇ ਕੁਝ ਅਣਪਛਾਤਿਆਂ ਨੇ ਬੀਤੀ ਰਾਤ ਗੋਲੀਆਂ ਚਲਾ ਦਿਤੀਆਂ। ਜੇਲ੍ਹ ਮੁਲਾਜ਼ਮ ਤਰਸੇਮ ਵਲੋਂ ਘਟਨਾ ਦੀ ਸ਼ਿਕਾਇਤ ਥਾਣਾ ਕੁੱਲਗੜ੍ਹੀ ਨੂੰ ਦਿਤੀ ਗਈ ਹੈ। 

ਪੁਲਿਸ ਨੂੰ ਦਿਤੀ ਜਾਣਕਾਰੀ ਵਿਚ ਤਰਸੇਮ ਲਾਲ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਉਹ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਤੈਨਾਤ ਹੈ, ਉਸ ਦੀ ਡਿਊਟੀ ਹਾਈ ਸਕਿਊਰਿਟੀ ਜ਼ੋਨ ਵਿਚ ਹੈ ਜਿਥੇ ਖਤਰਨਾਕ ਗੈਂਗਸਟਰਾਂ ਨੂੰ ਰਖਿਆ ਜਾਂਦਾ ਹੈ। ਤਰਸੇਮ ਲਾਲ ਨੇ ਦੋਸ਼ ਲਗਾਇਆ ਕਿ ਬੁੱਧਵਾਰ ਦੀ ਰਾਤ ਕਰੀਬ 11 ਵਜੇ ਉਸ ਦੇ ਘਰ ਦੇ ਗੇਟ, ਕਾਰ ਅਤੇ ਛੱਤ 'ਤੇ ਪੰਜ ਫ਼ਾਇਰ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ। ਤਰਸੇਮ ਲਾਲ ਮੁਤਾਬਕ ਫ਼ਾਇਰਿੰਗ ਕਰਨ ਤੋਂ ਬਾਅਦ ਉਕਤ ਅਣਪਛਾਤੇ ਵਿਅਕਤੀ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। 

ਤਰਸੇਮ ਲਾਲ ਸ਼ਰਮਾ ਨੇ ਦੋਸ਼ ਲਗਾਇਆ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਹਾਈ ਸਕਿਊਰਿਟੀ ਜ਼ੋਨ ਵਿਚ ਇਸ ਸਮੇਂ ਜਲੰਧਰ ਵਾਸੀ ਗੈਂਗਸਟਰ ਸੁਰਿੰਦਰ ਸੱਪ, ਗੈਂਗਸਟਰ ਸੈਨੀ ਗਰੁੱਪ ਅਤੇ ਜੋਗਿੰਦਰ ਡੀਪੀ ਗਰੁਪ ਦੇ ਕੁੱਲ 6 ਗੈਂਗਸਟਰ ਬੰਦ ਹਨ। ਸ਼ਰਮਾ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਇਨ੍ਹਾਂ ਗੈਂਗਸਟਰਾਂ ਵਿਚੋਂ ਹੀ ਕਿਸੇ ਗਰੁਪ ਵਲੋਂ ਉਸ ਦੇ ਘਰ 'ਤੇ ਹਮਲਾ ਕਰਵਾਇਆ ਗਿਆ ਹੈ।