ਓਵਰਸੀਜ਼ ਇਮੀਗਰੇਸ਼ਨ ਸਬੰਧੀ ਹੋਇਆ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜਾਣਨ ਲਈ ਪੜ੍ਹੋ ਕੀ ਹੈ ਪੂਰਾ ਮਾਮਲਾ

Biggest disclosure about Overseas Immigration

ਓਵਰਸੀਜ਼ ਇਮੀਗਰੇਸ਼ਨ ਦੇ ਕੁਲਦੀਪ ਬਾਂਸਲ ਅਤੇ ਕੁਝ ਹੋਰ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕੈਨੇਡਾ ਦੇ ਕੌਮੀ ਅਖਬਾਰ “ਗਲੋਬ ਐਂਡ ਮੇਲ” ਦੀ ਪੱਤਰਕਾਰ ਕੈਥੀ ਟੌਮਲਿਨਸਨ ਨੇ ਜੋ ਖੋਜ ਸਬੰਧੀ ਰਿਪੋਰਟ ਛਾਪੀ ਹੈ, ਉਸ ਵਾਸਤੇ ਉਸ ਦੀ ਟੀਮ 4 ਮਹੀਨੇ ਗਵਾਹਾਂ ਨਾਲ ਗੱਲਬਾਤ ਕਰਕੇ ਸਬੂਤ ਇਕੱਤਰ ਕਰਦੀ ਰਹੀ। ਕੁਲਦੀਪ ਬਾਂਸਲ ਨਾਲ ਕੰਮ ਕਰਦੇ ਰਹੇ ਕਰਮਚਾਰੀ ਅਰਜੁਨ ਚੌਧਰੀ ਦੇ ਹਵਾਲੇ ਨਾਲ “ਗਲੋਬ ਐਂਡ ਮੇਲ” ਦੀ ਉਕਤ ਰਿਪੋਰਟ ‘ਚ ਬਹੁਤ ਸਨਸਨੀਖੇਜ ਖੁਲਾਸੇ ਕੀਤੇ ਗਏ ਹਨ।

ਉਸ ਦੇ ਸਾਬਕਾ ਸਹਾਇਕ ਮੁਤਾਬਿਕ ਕੁਲਦੀਪ ਬਾਂਸਲ ਨੂੰ ਬਹੁਤ ਸਾਰੇ ਲੋਕਾਂ ਨੇ ਦੁਬਈ ਜਾਂ ਭਾਰਤ ਵਿਚ ਨਕਦ ਪੈਸੇ ਦਿੱਤੇ। ਸਾਬਕਾ ਸਹਾਇਕ ਦੇ ਕਹਿਣ ਮੁਤਾਬਿਕ ਜੋ ਸੂਟਕੇਸਾਂ ਵਿਚ ਭਰ ਕੇ ਵਾਪਸ ਕੈਨੇਡਾ ਲਿਆਂਦੇ ਗਏ। ਕਈ ਮਹੀਨਿਆਂਬੱਧੀ ਜੌਬ ਆਫਰਾਂ ਉਡੀਕਦੇ ਰਹੇ, ਜੋ ਕਦੇ ਬਣੀਆਂ ਹੀ ਨਹੀਂ। ਬਾਕੀ ਕੈਨੇਡਾ ਤਾਂ ਪੁੱਜ ਗਏ ਪਰ ਇੱਥੇ ਆ ਕੇ ਪਤਾ ਲੱਗਾ ਕਿ ਜੋ ਨੌਕਰੀਆਂ ਉਨ੍ਹਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਤਾਂ ਹੈ ਹੀ ਨਹੀਂ। ਚੌਧਰੀ ਮੁਤਾਬਿਕ ਬਾਂਸਲ ਉਨ੍ਹਾਂ ਦੇ ਪੈਸੇ ਫਿਰ ਵੀ ਰੱਖ ਗਿਆ ਅਤੇ ਕਈ ਕੇਸਾਂ ਵਿਚ ਉਨ੍ਹਾਂ ਤੋਂ ਹੋਰ ਪੈਸੇ ਮੰਗੇ। 

ਉਸ ਦੇ ਪਰਿਵਾਰ ਨਾਲ ਉਸ ਕੋਲ ਗੌਲਫ ਕੋਰਸ ਹੈ, ਇੱਕ ਬੈਂਕੁਇਟ ਹਾਲ ਹੈ ਅਤੇ ਜਨਤਕ ਰਿਕਾਰਡ ਮੁਤਾਬਿਕ 15 ਮਿਲੀਅਨ ਡਾਲਰ ਦੇ ਮੁੱਲ ਦੀ ਜਾਇਦਾਦ ਹੈ। ਬਾਂਸਲ ਦੇ ਸਾਬਕਾ ਸਹਾਇਕ ਅਰਜੁਨ ਚੌਧਰੀ ਨੇ ਕਿਹਾ ਕਿ ਇਹ ਸੋਚ ਕੇ ਹੀ ਮੈਨੂੰ ਘ੍ਰਿਣ ਹੁੰਦੀ ਹੈ। ਮੇਰਾ ਧੁਰ ਅੰਦਰ ਬਿਮਾਰ ਹੋ ਜਾਂਦਾ ਕਿ ਕੀ ਹੁੰਦਾ ਰਿਹਾ ਅਤੇ ਹਾਲੇ ਵੀ ਹੋ ਰਿਹਾ। ਇਮਾਨਦਾਰੀ ਨਾਲ ਦੱਸਾਂ, ਮੈਂ ਵੀ ਇਸ ਦਾ ਹਿੱਸਾ ਸੀ। ਚੌਧਰੀ ਮੁਤਾਬਿਕ ਬਾਂਸਲ ਨੌਕਰੀ ਅਤੇ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਲੰਮਾ ਸਮਾਂ ਰਿਸੈਸ਼ਪਨ ਏਰੀਏ ਵਿਚ ਬਿਠਾਉਣਾ ਪਸੰਦ ਕਰਦਾ ਸੀ।

ਸਾਡੇ ਕੋਲ 10 ਵਰਕ ਪਰਮਿਟ ਹੁੰਦੇ ਤੇ ਬਾਹਰ 50 ਲੋਕ ਉਡੀਕ ਕਰ ਰਹੇ ਹੁੰਦੇ। ਚੌਧਰੀ ਮੁਤਾਬਿਕ ਬਾਂਸਲ ਨੇ ਉਸ ਨੂੰ ਦੋ ਮੁੱਖ ਕੰਮ ਦਿੱਤੇ ਸਨ। ਆਨਲਾਈਨ ਵੱਖ-ਵੱਖ ਨੌਕਰੀਆਂ ਦੀਆਂ ਐਡਜ਼ ਪਾਉਣੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਨੌਕਰੀਆਂ ਹੁੰਦੀਆਂ ਹੀ ਨਹੀਂ ਸਨ, ਅਤੇ ਬੇਰੋਜ਼ਗਾਰ ਗਾਹਕਾਂ ਨੂੰ ਫੋਨ ਕਰਨੇ, ਜੋ ਪਹਿਲਾਂ ਹੀ ਬਾਂਸਲ ਨੂੰ ਪੈਸੇ ਦੇ ਚੁੱਕੇ ਹੁੰਦੇ ਤੇ ਉਨ੍ਹਾਂ ‘ਤੇ ਹੋਰ ਪੈਸੇ ਦੇਣ ਲਈ ਦਬਾਅ ਪਾਇਆ ਜਾਂਦਾ।

ਮੁਕੱਦਮਿਆਂ ਅਤੇ ਸ਼ਿਕਾਇਤਾਂ ਵਿਚ ਬਾਂਸਲ ਅਤੇ ਹੋਰ ਸਲਾਹਕਾਰਾਂ ਖਿਲਾਫ ਡਰਾਉਣ-ਧਮਕਾਉਣ ਦੇ ਦੋਸ਼ ਵੀ ਲਾਏ ਗਏ ਹਨ, ਜਿਸ ਵਿਚ ਉਨ੍ਹਾਂ ਨੂੰ ਕਿਹਾ ਜਾਂਦਾ ਕਿ ਪੈਸੇ ਦਿਓ ਨਹੀਂ ਤਾਂ ਤੁਹਾਡਾ ਕੇਸ ਖਰਾਬ ਕਰ ਦਿੱਤਾ ਜਾਵੇਗਾ। ਉਸ ਨੇ ਦੋਸ਼ ਲਾਏ ਕਿ 2015 ਵਿਚ ਉਸ ਨੂੰ ਬਾਂਸਲ ਨੇ ਇੱਕ ਵਾਰ ਕੰਮ ‘ਤੇ ਐਤਵਾਰ ਵਾਲੇ ਦਿਨ ਸੱਦਿਆ ਕਿ ਟੈਕਨੀਸ਼ੀਅਨਾਂ ਨਾਲ ਮਦਦ ਕਰ ਕੇ ਕੰਪਨੀ ਦੇ ਕੰਪਿਊਟਰ ਬਦਲੇ ਜਾ ਸਕਣ ਅਤੇ ਕੇਸਾਂ ਦੀਆਂ ਫਾਈਲਾਂ ਸਾਫ ਕੀਤੀਆਂ ਜਾ ਸਕਣ।

ਉਸੇ ਹਫਤੇ ਬਾਅਦ ਵਿਚ ਇੰਮੀਗਰੇਸ਼ਨ ਅਧਿਕਾਰੀਆਂ ਅਤੇ ਕੈਨੇਡਾ ਰੈਵੇਨਿਊ ਏਜੰਸੀ ਨੇ ਦਫਤਰ ‘ਤੇ ਛਾਪਾ ਮਾਰਿਆ। ਚੌਧਰੀ ਮੁਤਾਬਿਕ ਵਿਚੋਂ ਕੁਝ ਨਾ ਨਿਕਲਿਆ ਕਿਉਂਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਕੀ ਹੋ ਰਿਹਾ। ਚੌਧਰੀ ਨੂੰ ਵਿਸ਼ਵਾਸ ਹੈ ਕਿ ਕਿਸੇ ਨੇ ਬਾਂਸਲ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।