'ਕਾਮਾਗਾਟਾ ਮਾਰੂ ਦੁਖਾਂਤ' 'ਤੇ ਰੱਖਿਆ ਜਾਵੇਗਾ ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ
75ਏ ਅਵੈਨਿਊ ਸੜਕ ਦਾ ਨਾਂਅ ਬਦਲਣ 'ਤੇ ਸਰੀ ਨਗਰ ਕੌਂਸਲ ਨੇ ਵੀ ਲਾਈ ਮੋਹਰ
ਬ੍ਰਿਟਿਸ਼ ਕੋਲੰਬੀਆ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੀ ਇਕ ਸੜਕ 75ਏ ਐਵੇਨਿਊ ਦਾ ਨਾਂਅ ਹੁਣ 'ਕਾਮਾਗਾਟਾ ਮਾਰੂ ਵੇਅ' ਯਾਨੀ ਕਾਮਾਗਾਟਾ ਮਾਰੂ ਮਾਰਗ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਫ਼ੈਸਲੇ 'ਤੇ ਹੁਣ ਸਰੀ ਨਗਰ ਕੌਂਸਲ ਨੇ ਵੀ ਅਪਣੀ ਮੋਹਰ ਲਗਾ ਦਿੱਤੀ ਹੈ। ਇਹ ਸੜਕ ਸਰੀ ਦੀ ਸੜਕ 120 ਤੇ 12ਏ ਦੇ ਵਿਚਕਾਰ ਸਥਿਤ ਹੈ। ਇਸ ਲਈ ਮਹਾਂਨਗਰ ਵੈਨਕੂਵਰ ਦੇ ਨਾਲ ਲੱਗਦੇ ਸਰੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਵੱਸਦੇ ਪੰਜਾਬੀਆਂ ਨੂੰ ਇਹ ਫ਼ੈਸਲਾ ਲਾਗੂ ਕਰਵਾਉਣ ਲਈ ਲੰਬਾ ਸਮਾਂ ਸੰਘਰਸ਼ ਕਰਨਾ ਪਿਆ ਹੈ।
ਕਾਮਾਗਾਟਾ ਮਾਰੂ ਦੁਖਾਂਤ 1914 ਵਿਚ ਵਾਪਰਿਆ ਸੀ, ਜਦੋਂ 376 ਯਾਤਰੀਆਂ ਨੂੰ ਲੈ ਕੇ ਕਾਮਾਗਾਟਾਮਾਰੂ ਨਾਂਅ ਦਾ ਜਾਪਾਨੀ ਸਮੁੰਦਰੀ ਜਹਾਜ਼ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਬੰਦਰਗਾਹ 'ਤੇ ਪੁੱਜਾ ਸੀ। ਇਸ ਜਹਾਜ਼ ਵਿਚ ਜ਼ਿਆਦਾਤਰ ਪੰਜਾਬੀ ਲੋਕ ਸਵਾਰ ਸਨ। 23 ਮਈ 1914 ਦੇ ਦਿਨ ਉਸ ਵੇਲੇ ਦੀ ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਵਿਰੁੱਧ ਕੁਝ ਪੱਖਪਾਤੀ ਕਿਸਮ ਦੇ ਨਿਯਮ ਲਾਗੂ ਕੀਤੇ ਹੋਏ ਸਨ, ਜਿਸ ਕਾਰਨ ਕੈਨੇਡਾ ਸਰਕਾਰ ਵੱਲੋਂ ਉਸ ਜਹਾਜ਼ ਦੇ ਯਾਤਰੂਆਂ ਨੂੰ ਕੈਨੇਡਾ ਦੀ ਧਰਤੀ 'ਤੇ ਉੱਤਰਨ ਤੋਂ ਰੋਕ ਦਿੱਤਾ ਗਿਆ ਸੀ।
ਆਖ਼ਰਕਾਰ ਇਨ੍ਹਾਂ ਯਾਤਰੀਆਂ ਨੂੰ ਬੇਰੰਗ ਹੀ ਪਰਤਣਾ ਪਿਆ ਸੀ ਪਰ ਜਦੋਂ ਇਹ ਜਹਾਜ਼ ਕਲਕੱਤਾ ਦੀ ਬਜਬਜ ਬੰਦਰਗਾਹ 'ਤੇ ਪੁੱਜਾ ਤਾਂ ਇਨ੍ਹਾਂ ਪੰਜਾਬੀ ਯਾਤਰੂਆਂ 'ਤੇ ਭਾਰਤ ਵਿਚਲੀ ਅੰਗਰੇਜ਼ੀ ਹਕੂਮਤ ਦੀ ਪੁਲਿਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਵਿਚ 19 ਵਿਅਕਤੀ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਸਦ ਵਿਚ ਬਾਕਾਇਦਾ ਮੁਆਫ਼ੀ ਵੀ ਮੰਗ ਚੁੱਕੇ ਹਨ। ਬੀਤੇ ਦਿਨੀਂ ਸਰੀ ਦੇ ਮੇਅਰ ਡੂਗ ਮੈਕਲਮ ਨੇ ਰਸਮੀ ਤੌਰ 'ਤੇ ਰਾਜ ਤੂਰ ਨੂੰ ਕੌਂਸਲ ਦੇ ਇਸ ਇਤਿਹਾਸਕ ਫ਼ੈਸਲੇ ਸਬੰਧੀ ਜਾਣੂ ਕਰਵਾਇਆ। ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਅਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।