ਕਾਮਾਗਾਟਾਮਾਰੂ ਦੁਖਾਂਤ ’ਤੇ ਬਾਬਾ ਗੁਰਦਿੱਤ ਸਿੰਘ ਜੀ ਬਾਰੇ ਜਾਣੋ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਬਾ ਗੁਰਦਿੱਤ ਸਿੰਘ ਜੀ ਬਜ ਬਜ ਘਾਟ ਕਲਕੱਤਾ ਦੇ ਖ਼ੂਨੀ ਸਾਕੇ ਨਾਲ ਸਬੰਧਿਤ ਕੇਂਦਰੀ ਹਸਤੀ ਸਨ

Baba Gurdit Singh Ji

ਚੰਡੀਗੜ੍ਹ: ਭਾਰਤ ਦੇ ਸਾਰੇ ਰਾਜਾਂ ਵਿਚੋਂ ਇਕ ਪੰਜਾਬ ਹੀ ਅਜਿਹਾ ਰਾਜ ਹੈ ਜਿਥੋਂ ਦੀ ਧਰਤੀ ਉਤੇ ਕਈ ਅਜਿਹੇ ਮਹਾਨ ਯੋਧਿਆਂ ਅਤੇ ਸੂਰਮਿਆਂ ਨੇ ਜਨਮ ਲਿਆ, ਜਿੰਨ੍ਹਾਂ ਦਾ ਇਤਿਹਾਸ ਪੜ੍ਹ ਕੇ ਹਰ ਕੋਈ ਹੱਕਾ-ਬੱਕਾ ਰਹਿ ਗਿਆ। ਅਜਿਹੀਆਂ ਹੀ ਮਹਾਨ ਸ਼ਖ਼ਸੀਅਤਾਂ ਵਿਚੋਂ ਅੱਜ ਤੁਹਾਨੂੰ ਇਕ ਅਜਿਹੀ ਹਸਤੀ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਦੇ ਬਾਰੇ ਸ਼ਾਇਦ ਤੁਸੀਂ ਪਹਿਲਾਂ ਵੀ ਕਿਤਾਬਾਂ ਵਿਚ ਪੜ੍ਹ ਚੁੱਕੇ ਹੋਵੇਗੇ। ਗੱਲ ਕਰਾਂਗੇ ‘ਬਾਬਾ ਗੁਰਦਿੱਤ ਸਿੰਘ ਜੀ’ ਦੀ, ਜੋ 29 ਸਤੰਬਰ 1914 ਦੇ ਬਜ ਬਜ ਘਾਟ ਕਲਕੱਤਾ ਦੇ ਖ਼ੂਨੀ ਸਾਕੇ ਨਾਲ ਸਬੰਧਿਤ ਕੇਂਦਰੀ ਹਸਤੀ ਸਨ।

ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ 1860 ਨੂੰ ਸਰਹਾਲੀ ਕਲਾਂ, ਜ਼ਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਜੋ ਗੁਰਦਿੱਤ ਸਿੰਘ ਜੀ ਦੇ ਬਚਪਨ ਸਮੇਂ ਦੇ ਵਿਚ ਹੀ ਰੁਜ਼ਗਾਰ ਲਈ ‘ਮਲਾਇਆ’ ਚਲੇ ਗਏ ਅਤੇ ਉੱਥੇ ਠੇਕੇਦਾਰੀ ਕਰਨ ਲੱਗੇ। ਗੁਰਦਿੱਤ ਸਿੰਘ ਨੇ ਅਪਣੇ ਬਚਪਨ ਵਿਚ ਬਹੁਤ ਥੋੜੀ ਸਿੱਖਿਆ ਹਾਸਲ ਕੀਤੀ ਅਤੇ ਆਖ਼ਰਕਾਰ ਉਹ ਵੀ ਮਲਾਇਆ ਚਲੇ ਗਏ ਅਤੇ ਅਪਣੇ ਪਿਤਾ ਵਾਂਗ ਹੀ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ।

ਸਾਲ 1911 ਵਿਚ ਉਨ੍ਹਾਂ ਨੇ ਜ਼ਬਰੀ ਮਜ਼ਦੂਰੀ ਦੇ ਵਿਰੁਧ ਆਵਾਜ਼ ਚੁੱਕੀ। ਉਨ੍ਹਾਂ ਨੇ ਸਰਕਾਰ ਨੂੰ ਉਨ੍ਹਾਂ ਦੇ ਅਫ਼ਸਰਾਂ ਵਿਰੁਧ ਲਿਖਤੀ ਸ਼ਿਕਾਇਤ ਕੀਤੀ ਜਿਹੜੇ ਗਰੀਬ ਪੇਂਡੂ ਲੋਕਾਂ ਤੋਂ ਬਿਨਾ ਪੈਸਿਆਂ ਤੋਂ ਜ਼ਬਰਦਸਤੀ ਕੰਮ ਕਰਵਾਉਂਦੇ ਸਨ। ਸਾਲ 1914 ਵਿਚ ਗੁਰਦਿੱਤ ਸਿੰਘ ਨੇ ਇਕ ਜਾਪਾਨੀ ਜਹਾਜ਼ ‘ਕਾਮਾਗਾਟਾ ਮਾਰੂ’ ਕਿਰਾਏ ’ਤੇ ਲੈ ਲਿਆ ਅਤੇ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਾਪਾਨ ਵਿਚੋਂ ਲੰਘਦਿਆਂ ਹੋਇਆ ਵੈਨਕੂਵਰ, ਬ੍ਰਿਟਿਸ਼, ਕੋਲੰਬੀਆ, ਕੈਨੇਡਾ ਵੱਲ ਗਏ। ਇਸ ਵਿਚ 372 ਮੁਸਾਫ਼ਰਾਂ ਸਨ, ਜਿੰਨ੍ਹਾਂ ਵਿਚੋਂ 351 ਪੰਜਾਬੀ ਸਿੱਖ ਅਤੇ 21 ਪੰਜਾਬੀ ਮੁਸਲਮਾਨ ਸਨ।

22 ਮਈ 1914 ਨੂੰ ਇਹ ਜੱਥਾ ਕੈਨੇਡਾ ਦੇ ਕੰਢੇ ਪਹੁੰਚਿਆ ਪਰ ਜਹਾਜ਼ ਨੂੰ ਬੰਦਰਗਾਹ ’ਤੇ ਲਾਉਣ ਦੀ ਇਜਾਜ਼ਤ ਨਾ ਦਿਤੀ ਗਈ ਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧਾ ਪੁੱਜੇ ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ਉਤੇ ਉਤਰਨ ਦੀ ਇਜਾਜ਼ਤ ਤੱਕ ਨਹੀਂ ਦਿਤੀ ਪਰ ਕੈਨੇਡਾ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧਾ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿਚ ਉਤਰਨ ਅਤੇ ਰਹਿਣ ਦੀ ਇਜ਼ਾਜਤ ਮਿਲੇਗੀ।

ਕਾਫ਼ੀ ਲੰਮੀ ਜਦੋ-ਜਹਿਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡੱਟ ਗਏ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉਤੇ ਫ਼ਾਇਰਿੰਗ ਕਰਨ ਦੀ ਧਮਕੀ ਦਿਤੀ। ਇਸ ਦੇ ਜਵਾਬ ਵਿਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਚ ਇਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨ ਤੋਂ ਬਾਅਦ ਸਰਕਾਰ ਡਰ ਗਈ ਅਤੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ।

ਜਹਾਜ਼ ਵਿਚਲੇ ਸਿੱਖ ਵੀ ਇਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ। ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤਾ ਨੂੰ ਵਾਪਸ ਮੁੜ ਪਿਆ। ਦੋ ਮਹੀਨਿਆਂ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ। ਉਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ। 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਬਜ ਬਜ ਘਾਟ ਪਹੁੰਚਿਆ ਤਾਂ ਇਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ ਪੰਜਾਬ ਲਿਜਾਣ ਵਾਸਤੇ ਅੱਗੇ ਖੜੀ ਸੀ।

ਮੁਸਾਫ਼ਰਾਂ ਨੇ ਇਸ ਵਿਚ ਬੈਠਣ ਤੋਂ ਨਾਂਹ ਕਰ ਦਿਤੀ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਕਲਕੱਤਾ ਦੇ ਬੜਾ ਬਾਜ਼ਾਰ ਵਾਲੇ ਗੁਰਦੁਵਾਰੇ ਵਲ ਜਲੂਸ ਬਣਾ ਕੇ ਤੁਰ ਪਏ। ਇਸ ਉਤੇ ਪੁਲਿਸ ਨੇ ਮੁਸਾਫ਼ਰਾਂ ਉਤੇ ਗੋਲੀ ਚਲਾ ਦਿਤੀ। ਇਸ ਫ਼ਾਇਰਿੰਗ ਵਿਚ 15 ਮੁਸਾਫ਼ਰ ਮਾਰੇ ਗਏ। ਮਗਰੋਂ ਪੁਲਿਸ ਨੇ ਮੁਸਾਫ਼ਰਾਂ ਨੂੰ ਗਿ੍ਫ਼ਤਾਰ ਕਰ ਲਿਆ। ਇਸ ਦੌਰਾਨ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ।

ਬਾਬਾ ਗੁਰਦਿੱਤ ਸਿੰਘ ਲਗਭੱਗ 6 ਸਾਲ ਰੂਹਪੋਸ਼ ਰਹੇ ਅਤੇ 1920 ਵਿਚ ਮਹਾਤਮਾ ਗਾਂਧੀ ਦੀ ਸਲਾਹ ’ਤੇ ਉਨ੍ਹਾਂ ਨੇ ਅਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕਰ ਦਿਤਾ। ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਦੇ ਦਿਤੀ ਗਈ ਤੇ ਸਾਲ 1954 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।