ਵਿਦੇਸ਼ੀ ਧਰਤੀ ’ਤੇ ਛਾਇਆ ਇਹ ਸਿੱਖ, ਇਮਾਨਦਾਰੀ ਦੀ ਦਿਤੀ ਵੱਡੀ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਵਾਰੀ ਦਾ 53,000 ਡਾਲਰ ਦੀ ਨਕਦੀ ਸਮੇਤ ਸਾਢੇ ਤਿੰਨ ਕਿੱਲੋ ਸੋਨੇ ਨਾਲ ਭਰਿਆ ਬੈਗ ਕੀਤਾ ਵਾਪਸ

Baljeet Singh

ਨਿਊਯਾਰਕ: ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿਚ ਜਿੱਥੇ ਸਿੱਖ ਭਾਈਚਾਰਾ ਅਪਣੀ ਚੰਗਿਆਈ ਦੀ ਛਾਪ ਛੱਡਦਾ ਆ ਰਿਹਾ ਹੈ ਉੱਥੇ ਹੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਇਕ ਪੰਜਾਬੀ ਸਿੱਖ ਨੇ ਇਮਾਨਦਾਰੀ ਦੀ ਜ਼ਿੰਦਾ ਮਿਸਾਲ ਕਾਇਮ ਕੀਤੀ ਹੈ। ਡਰਾਇਵਰ ਬਲਜੀਤ ਸਿੰਘ ਨੇ ਸਵਾਰੀ ਦੇ 53,000 ਡਾਲਰ ਦੀ ਨਕਦੀ ਸਮੇਤ ਸਾਢੇ ਤਿੰਨ ਕਿੱਲੋ ਸੋਨੇ ਨਾਲ ਭਰਿਆ ਬੈਗ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।

ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਟੈਕਸੀ ਚਲਾਉਂਦਾ ਆ ਰਿਹਾ ਹੈ। ਇਕ ਅਮਰੀਕਨ ਔਰਤ ਸ਼ਾਮ 6 ਵਜੇ ਦੇ ਲਗਭੱਗ ਮਨਹਾਟਨ ਦੇ ਡਾਊਨ ਟਾਊਨ ਤੋਂ ਉਸ ਦੀ ਟੈਕਸੀ ਵਿਚ ਬੈਠੀ ਤੇ ਉਸ ਨੇ ਲਿਟਲ ਇਟਲੀ ਨਾਂਅ ਦੀ ਜਗ੍ਹਾ ’ਤੇ ਜਾਣਾ ਸੀ। ਮੰਜ਼ਿਲ ’ਤੇ ਪਹੁੰਚ ਕੇ ਜਲਦੀ ਵਿਚ ਉਸ ਔਰਤ ਨੇ ਬਣਦਾ ਕਿਰਾਇਆ 9 ਡਾਲਰ ਨਕਦ ਦਿਤਾ ਤੇ ਬਿਨਾਂ ਰਸੀਦ ਲਏ ਉਤਰ ਗਈ ਤੇ ਅਪਣਾ ਬੈਗ ਟੈਕਸੀ ਵਿਚ ਹੀ ਭੁੱਲ ਗਈ।

ਜਦੋਂ ਉਸ ਦੀ ਗੱਡੀ ਵਿਚ ਬੈਠੀ ਦੂਜੀ ਔਰਤ ਸਵਾਰੀ ਨੇ ਬੈਗ ਪਿਛਲੀ ਸੀਟ ’ਤੇ ਪਿਆ ਵੇਖਿਆ ਤਾਂ ਉਸ ਨੇ ਟੈਕਸੀ ਚਾਲਕ ਬਲਜੀਤ ਸਿੰਘ ਨੂੰ ਬੈਗ ਫੜਾ ਦਿਤਾ। ਬਲਜੀਤ ਸਿੰਘ ਨੇ ਦੱਸਿਆ ਕਿ ਟੋਨੀ ਨਾਂਅ ਦੀ ਸਵਾਰੀ ਸੀ ਜੋ ਉਸ ਦੀ ਟੈਕਸੀ ਵਿਚ ਅਪਣਾ ਬੈਗ ਭੁੱਲ ਗਈ ਸੀ। ਇਕ ਪਾਸੇ ਬੜੀ ਬੇਚੈਨੀ ਨਾਲ ਉਸ ਔਰਤ ਨੇ ਅਪਣੇ ਭੁੱਲੇ ਹੋਏ ਬੈਗ ਵਾਲੀ ਟੈਕਸੀ ਲੱਭਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਪਾਸੇ ਡਰਾਇਵਰ ਬਲਜੀਤ ਸਿੰਘ ਨੇ ਵੀ ਉਸ ਔਰਤ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ।

ਬਲਜੀਤ ਸਿੰਘ ਨੇ ਦੱਸਿਆ, ‘ਮੇਰੀ ਕੋਸ਼ਿਸ਼ ਸ਼ੁਰੂ ਹੋ ਗਈ ਕਿ ਬੈਗ ਇਸ ਦੇ ਸਹੀ ਮਾਲਕ ਨੂੰ ਵਾਪਸ ਕੀਤਾ ਜਾਵੇ, ਜਿਸ ਵਿਚ 53,000 ਡਾਲਰ ਦੀ ਨਕਦੀ ਤੇ ਲਗਭੱਗ ਸਾਢੇ ਤਿੰਨ ਕਿੱਲੋ ਸੋਨਾ ਸੀ।’ ਅਚਾਨਕ ਬੈਗ ਚੈੱਕ ਕਰਨ ’ਤੇ ਉਸ ਵਿਚੋਂ ਇਕ ਸਰਟੀਫਾਈਡ ਚੈੱਕ ਮਿਲ ਗਿਆ ਜਿਸ ਉਤੇ ਉਸ ਦਾ ਨਾਂ ਪਤਾ ਸੀ। ਡਰਾਇਵਰ ਬਲਜੀਤ ਨੇ ਉਸ ਪਤੇ ’ਤੇ ਪਹੁੰਚ ਕੇ ਉਸ ਔਰਤ ਨੂੰ ਬੈਗ ਵਾਪਸ ਕੀਤਾ।

ਜਿਸ ਤੋਂ ਬਾਅਦ ਉਸ ਔਰਤ ਨੇ ਬਲਜੀਤ ਸਿੰਘ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਉਸ ਨੂੰ ਇਨਾਮ ਵਜੋਂ 6000 ਹਜ਼ਾਰ ਡਾਲਰ ਦਿਤੇ। ਇਸ ਸਿੱਖ ਦੀ ਇਮਾਨਦਾਰੀ ਦੇ ਚਰਚੇ ਪੂਰੇ ਨਿਊਯਾਰਕ ਵਿਚ ਹੋ ਰਹੇ ਹਨ ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ।