ਦਾੜ੍ਹੀ ਤੇ ਮੁੱਛ ਦਾ ਸਵਾਲ, ਨੌਜਵਾਨ ਨੇ ਫਿਰ ਕੀਤਾ ਕਮਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬੀਰਇੰਦਰ ਸਿੰਘ ਜ਼ੈਲਦਾਰ ਨੇ 'ਦਾੜ੍ਹੀ ਤੇ ਸਟਾਈਲਿਸ਼ ਮੁੱਛਾਂ' ਦੇ ਮੁਕਾਬਲੇ ਵਿਚ ਦੂਜੀ ਵਾਰ ਜਿੱਤੀ ਰਾਸ਼ਟਰੀ ਚੈਂਪੀਅਨਸ਼ਿਪ

Birinder Singh Zaildar

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਕਈ ਵਾਰ ਦਾੜ੍ਹੀ ਦਾ ਮੁੱਛ ਦਾ ਸਵਾਲ ਪੈਦਾ ਹੋ ਜਾਂਦਾ ਹੈ ਕਿ ਲੋਕ ਸ਼ਰਤ ਹਾਰਨ ਦੀ ਵੱਡੀ ਸਜ਼ਾ ਅਪਣੀ ਦਾੜ੍ਹੀ ਕਟਵਾਉਣ ਨੂੰ ਮੰਨ ਲੈਂਦੇ ਹਨ। ਇਸ ਦਾੜ੍ਹੀ ਦੀ ਇਜ਼ੱਤ ਦੇ ਵੀ ਮੁਕਾਬਲੇ ਹੁੰਦੇ ਹਨ ਅਤੇ ਸੋਹਣੀ ਦਾੜ੍ਹੀ ਅਤੇ ਰੋਅਬਦਾਰ ਮੁੱਛਾਂ ਨੂੰ ਵੀ ਇਨਾਮ ਨਿਕਲਦੇ ਹਨ।  ਨਿਊਜ਼ੀਲੈਂਡ ਵਿਚ 'ਵਰਲਡ ਬੀਅਰਡ ਐਂਡ ਮੌਸਟੈਸ਼ਿਜ਼ ਐਸੋਸੀਏਸ਼ਨ' ਵਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿੱਥੇ ਦਾੜੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ।

ਇਸ ਵਾਰ ਇਹ ਮੁਕਾਬਲਾ ਆਨ-ਲਾਈਨ ਹੋਇਆ ਅਤੇ ਇਸ ਵਾਰ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ ਦੂਜੀ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜੋ ਕਿ 'ਦਾੜ੍ਹੀ ਅਤੇ ਸਟਾਇਲਿਸ਼ ਮੁੱਛਾਂ' ਸਬੰਧੀ ਸੀ, ਜਿੱਤ ਗਿਆ ਅਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ।  ਮਨੁੱਖੀ ਸਰੀਰ ਈਸ਼ਵਰ ਦੀ ਅਨੋਖੀ ਦੇਣ ਹੈ। ਸਰੀਰ ਦੇ ਹਰ ਰੋਮ ਦਾ ਕੋਈ ਨਾ ਕੋਈ ਕਾਰਜ ਹੈ।

ਪੁਰਸ਼ਾਂ ਦੇ ਮੂੰਹ ਉਤੇ ਦਾੜ੍ਹੀ ਅਤੇ ਮੁੱਛਾਂ ਜਿਥੇ ਰੋਹਬਦਾਰ ਸ਼ਖ਼ਸੀਅਤ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜ੍ਹੀ ਅਤੇ ਮੁੱਛਾਂ ਇਜ਼ੱਤਾਂ ਵੀ ਬਖ਼ਸ਼ ਜਾਂਦੀਆਂ ਹਨ। ਪਿਛਲੇ ਕੁੱਝ ਸਾਲਾਂ ਤੋਂ ਪਟਿਆਲਾ ਸ਼ਹਿਰ ਦੇ 28 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ. ਜਰਨੈਲ ਸਿੰਘ ਜ਼ੈਲਦਾਰ ਇਨ੍ਹਾਂ ਮੁਕਾਬਲਿਆਂ ਵਿਚ ਹਰ ਸਾਲ ਭਾਗ ਲੈ ਕੇ ਸਮੁੱਚੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾ ਰਹੇ ਹਨ।

ਦਿਲਜੀਤ ਦੁਸਾਂਝ ਨੇ ਅਪਣੇ ਗੀਤ 'ਹੱਥ ਮੁੱਛਾਂ 'ਤੇ ਤਾਂ ਵਾਰ ਲੈਣ ਦੇ' ਨਾਲ ਲੱਖਾਂ ਨੌਜਵਾਨਾਂ ਦਾ ਦਿਲ ਜਿਤਿਆ ਸੀ, ਉਥੇ ਨਿਊਜ਼ੀਲੈਂਡ ਵਸਦੇ ਬੀਰਇੰਦਰ ਸਿੰਘ ਨੇ 'ਦਾੜ੍ਹੀ ਤੇ ਮੁੱਛਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ' ਦੂਜੀ ਵਾਰ ਜਿੱਤ ਕੇ ਵੀ ਪੂਰੇ ਭਾਰਤੀ ਭਾਈਚਾਰੇ ਦਾ ਨਾਂਅ ਵਧਾਇਆ ਹੈ।

ਇਸ ਨੌਜਵਾਨ ਨੂੰ ਕੰਪਨੀ ਵਲੋਂ ਜੇਤੂ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਜਾਣਾ ਹੈ। ਚੈਂਪੀਅਨਸ਼ਿਪ ਵਿਚ ਲਗਭਗ 127 ਪ੍ਰਤੀਯੋਗੀ ਸਨ ਤੇ ਇਸ ਨੇ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸ ਦੇ ਦਿਲ ਵਿਚ ਬਹੁਤ ਕੁੱਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ-ਬਹੁਤ ਵਧਾਈ।