ਅੰਮ੍ਰਿਤਧਾਰੀ ਨੌਜਵਾਨ ਦੀ ਗ੍ਰਿਫ਼ਤਾਰੀ ਦਾ ਮਾਮਲਾ- NAPA ਵੱਲੋਂ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ
ਕਿਹਾ- ਜੇਕਰ ਪੁਲਿਸ ਨੇ ਸਿੱਖਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਿੱਖਾਂ ਨੂੰ ਨਫ਼ਰਤੀ ਅਪਰਾਧਾਂ ਤੋਂ ਕੌਣ ਬਚਾਵੇਗਾ?
ਨਵੀਂ ਦਿੱਲੀ- ਅਮਰੀਕਾ ਆਧਾਰਿਤ ਨਾਰਥ ਅਮੈਰਿਕਨ ਪੰਜਾਬੀ ਐਸੋਸੀਏਸ਼ਨ ਨੇ ਉਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਜਿਸ ਵਿੱਚ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ ਵਿਖੇ ਇੱਕ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਹਿਨਣ ਕਾਰਨ ਕੈਂਪਸ ਵਿੱਚ ਕਥਿਤ ਤੌਰ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਬਿਆਨ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਪੂਰੀ ਦੁਨੀਆ ਸਿੱਖੀ ਸਿਧਾਂਤਾਂ ਦਾ ਸਤਿਕਾਰ ਕਰਦੀ ਹੈ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਪੁਲਿਸ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਉਸ ਦੇ ਧਾਰਮਿਕ ਚਿੰਨ੍ਹ ਪਹਿਨਣ ਬਦਲੇ ਹਿਰਾਸਤ ਵਿੱਚ ਲਿਆ ਜਾਣਾ ਬੜਾ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ 9/11 ਦੇ ਹਮਲੇ ਤੋਂ ਬਾਅਦ ਸਿੱਖ ਅਸੁਰੱਖਿਆ ਦੇ ਪਰਛਾਵੇਂ ਹੇਠ ਰਹਿ ਰਹੇ ਹਨ। ਸਿੱਖ ਭਾਈਚਾਰੇ ਨੂੰ ਅਨੇਕਾਂ ਜਾਨਾਂ ਗੁਆਉਣੀਆਂ ਪਈਆਂ ਅਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਚਾਹਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਿੱਖਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਿੱਖਾਂ ਨੂੰ ਨਫ਼ਰਤੀ ਅਪਰਾਧਾਂ ਤੋਂ ਕੌਣ ਬਚਾਵੇਗਾ?
ਇਸ ਘਟਨਾ ਬਾਰੇ ਵਾਇਰਲ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਅਮਰੀਕੀ ਪੁਲਿਸ ਨੇ ਇੱਕ ਸਿੱਖ ਨੌਜਵਾਨ ਤੋਂ ਕਿਰਪਾਨ ਖੋਹਣ ਦੀ ਕੋਸ਼ਿਸ਼ ਕੀਤੀ, ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਚਾਹਲ ਨੇ ਕਿਹਾ, “ਅਸੀਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਅਤੇ ਅਮਰੀਕੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਵਿਦਿਆਰਥੀ ਨੂੰ ਉਸ ਦੇ ਧਾਰਮਿਕ ਚਿੰਨ੍ਹ ਪਹਿਨਣ ਬਦਲੇ ਹਿਰਾਸਤ ਵਿੱਚ ਲਿਆ ਸੀ।”