ਆਤਮਵਿਸ਼ਵਾਸ਼ ਨਾਲ ਭਰੀ ਭਾਰਤੀ ਟੀਮ ਦਾ ਸਾਹਮਣਾ ਦਖਣੀ ਅਫ਼ਰੀਕਾ ਨਾਲ

ਏਜੰਸੀ

ਖ਼ਬਰਾਂ, ਖੇਡਾਂ

ਕੋਹਲੀ ਦੀ ਬਤੌਰ ਕਪਤਾਨ ਅਸਲ ਪ੍ਰੀਖੀਆ ਕ੍ਰਿਕਟ ਦੇ ਇਸ ਮਹਾਸਮਰ ਵਿਚ ਹੋਵੇਗੀ

ICC World Cup 2019: India gears up for first match

ਸਾਉਥਮਪਟਨ : ਇਕ ਅਰਬ ਤੋਂ ਵੱਧ ਦੇਸ਼ਵਾਸੀਆਂ ਦੀ ਉਮੀਦਾਂ ਦਾ ਸਰਮਾਇਆ ਲੈ ਕੇ ਵਿਰਾਟ ਕੋਹਲੀ ਅਪਣੇ ਕੌਮਾਂਤਰੀ ਕਰੀਅਰ ਦੇ ਸਭ ਤੋਂ ਅਹਿਮ ਸਫ਼ਰ ਦਾ ਆਗਾਜ਼ ਬੁਧਵਾਰ ਨੂੰ ਵਿਸ਼ਵ ਕੱਪ ਵਿਚ ਲਗਾਤਾਰ ਦੋ ਵਾਰ ਹਾਰ ਚੁੱਕੀ ਦਖਣੀ ਅਫ਼ਰੀਕਾ ਦੇ ਵਿਰੁਧ ਕਰਣਗੇ। ਭਾਰਤ ਅਤੇ ਦਖਣੀ ਅਫ਼ਰੀਕਾ ਦਾ ਮੈਚ ਅੱਜ ਤਿੰਨ ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੌਰ ਦੇ ਸਰਵਸਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਕੋਹਲੀ ਦੀ ਬਤੌਰ ਕਪਤਾਨ ਅਸਲ ਪ੍ਰੀਖੀਆ ਕ੍ਰਿਕਟ ਦੇ ਇਸ ਮਹਾਸਮਰ ਵਿਚ ਹੋਵੇਗੀ।

ਭਾਰਤ ਦੇ ਕੋਲ ਮੈਚ ਵਿਨਰਜ਼ ਦੀ ਘਾਟ ਨਹੀਂ ਹੈ ਅਤੇ ਉਨ੍ਹਾਂ ਵਿਚ ਪਹਿਲਾ ਨਾਂ ਖ਼ੁਦ ਕੋਹਲੀ ਦਾ ਹੈ ਪਰ ਇਸ ਵਿਚ ਉਹ 'ਆਭਾਮੰਡੀ' ਨਹੀਂ ਦਿਖ ਰਿਹਾ ਜਿਹੜਾ ਮਹਿੰਦਰ ਸਿੰਘ ਧੋਨੀ ਦੀ ਅਗੁਆਈ ਵਾਲੀ 2011 ਦੀ ਵਿਸ਼ਵ ਕੱਪ ਜੇਤੂ ਟੀਮ ਵਿਚ ਸੀ। ਮੌਜੂਦਾ ਟੀਮ ਦੇ ਕਪਤਾਨ ਕੋਹਲੀ ਅਤੇ ਮਾਰਗਦਰਸ਼ਕ ਧੋਨੀ ਹੈ ਅਤੇ ਇਸ ਨੇ ਪਿਛਲੇ ਨੌ ਮੈਚਾਂ ਵਿਚੋਂ ਛੇ ਮੈਚ ਜਿੱਤੇ ਹਨ। ਇਸ ਵਾਰ ਇਸ ਨੂੰ ਖ਼ਿਤਾਬ ਦੇ ਸਭ ਤੋਂ ਮਜ਼ਬੂਤ ਦਾਵੇਦਾਰਾਂ ਵਿਚ ਗਿਣਿਆ ਜਾ ਰਿਹਾ ਹੈ।

ਭਾਰਤੀ ਟੀਮ ਨੂੰ ਇਥੇ ਆਉਣ ਦੇ ਬਾਅਦ ਤੋਂ ਕਾਫ਼ੀ ਅਰਾਮ ਮਿਲ ਚੁਕਿਆ ਹੈ। ਬਾਕੀ ਟੀਮਾਂ ਦੋ-ਦੋ ਮੈਚ ਖੇਡ ਚੁੱਕੀ ਹੈ ਜਦਕਿ ਭਾਰਤ ਦਾ ਇਹ ਪਹਿਲਾ ਮੈਚ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਹਮੇਸ਼ਾ ਅਹਿਮ ਹੁੰਦਾ ਹੈ ਅਤੇ ਇਸ ਵਾਰ ਸਾਹਮਣਾ ਦਖਣੀ ਅਫ਼ਰੀਕਾ ਦੇ ਨਾਲ ਹੈ ਜਿਸਦਾ ਮਨੋਬਲ ਇੰਗਲੈਂਡ ਅਤੇ ਬਾਂਗਲਾਦੇਸ਼ ਤੋਂ ਮਿਲੀ ਹਾਰ ਤੋਂ ਬਾਅਦ ਟੁੱਟਿਆ ਹੋਇਆ ਹੈ। ਦਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਏਗਿਡੀ ਸੱਟ ਦੇ ਕਾਰਨ ਬਾਹਰ ਹੈ ਜਦਕਿ ਡੇਲ ਸਟੇਨ ਮੋਡੇ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। 

ਇਥੇ ਪਿੱਚ 'ਤੇ ਘਾਹ ਨਹੀਂ ਹੈ ਅਤੇ ਇਸ ਨੂੰ ਬੱਲੇਬਾਜ਼ਾ ਦੀ ਮਦਦਗਾਰ ਮੱਨਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਹਾਲਾਂਕਿ ਬੱਦਲ ਛਾਏ ਰਹਿਣ ਅਤੇ ਮੀਂਹ ਦਾ ਖਦਸ਼ਾ ਜਤਾਇਆ ਹੈ। ਗੇਂਦਬਾਜ਼ੀ ਵਿਚ ਇਹ ਦੇਖਣਾ ਹੈ ਕਿ ਕੋਹਲੀ ਤੀਜੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਉਤਾਰਦੇ ਹਨ ਜਾਂ ਨਹੀਂ। ਅਭਿਆਸ ਮੈਚਾਂ ਵਿਚ ਰਵੀਂਦਰ ਜਡੇਜਾ ਦੇ ਚੰਗੇ ਪ੍ਰਦਰਸ਼ਨ ਦੇ ਅਸਰ ਨੂੰ ਤਰਜੀਹੀ ਮਿਲਦੀ ਹੈ ਜਾਂ ਪਿਛਲੇ 22 ਮਹੀਨੇ ਤੋਂ ਮਿਲ ਕੇ ਚੰਗਾ ਪ੍ਰਦਰਸ਼ਨ ਕਰ ਰਹੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਖੇਡਦੇ ਹਨ। ਇਕ ਵੀ ਮੈਚ ਖੇਡੇ ਬਿਨ੍ਹਾਂ ਕੇਦਾਰ ਜਾਧਵ ਨੂੰ ਉਤਾਰਿਆ ਜਾਂਦਾ ਹੈ ਜਾਂ ਵਿਜੇ ਸ਼ੰਕਰ ਟੀਮ ਵਿਚ ਰਹਿੰਦੇ ਹਨ।

ਮੌਸਮ ਤੋਂ ਮਦਦ ਮਿਲਣ 'ਤੇ ਰਬਾਡਾ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਚੌਥੇ ਨੰਬਰ 'ਤੇ ਕੇ.ਐੱਲ ਰਾਹੁਲ ਉਤਰਣਗੇ ਪਰ ਦੇਖਣਾ ਇਹ  ਹੈ ਕਿ ਮੁਸ਼ਕਲ ਹਾਲਾਤ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਿਦਾਂ ਦਾ ਰਹਿੰਦਾ ਹੈ। ਧੋਨੀ ਨੇ ਬੰਗਲਾਦੇਸ਼ ਦੇ ਵਿਰੁਧ ਅਭਿਆਸ ਮੈਚ ਵਿਚ ਸੈਂਕੜਾ ਜੜਿਆ ਸੀ ਅਤੇ ਉਨ੍ਹਾਂ ਤੋਂ ਉਸੀ ਲੈਅ ਨੂੰ ਕਾਇਮ ਰੱਖਣ ਦੀ ਉਮੀਦ ਰਹੇਗੀ। 

ਭਾਰਤੀ ਟੀਮ: ਵਿਰਾਟ ਕੋਹਲੀ(ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ.ਐੱਲ ਰਾਹੁਲ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਿਆ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰਤੀ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ, ਰਵੀਂਦਰ ਜਡੇਜਾ।

ਦਖਣੀ ਅਫ਼ਰੀਕਾ: ਫ਼ਾਫ਼ ਡੁ ਪਲੇਸਿਸ (ਕਪਤਾਨ), ਕਵਿੰਟੋਨ ਡੀਕਾਕ, ਅੇਡੇਨ, ਮਾਰਕਰਾਮ, ਹਾਸ਼ਿਮ ਅਮਲਾ, ਜੇਪੀ ਡੁਮੀਨੀ, ਡੇਵਿਡ ਮਿਲਰ, ਕਾਗਿਸੋ ਰਬਾਡਾ, ਡਵੇਨ ਪੀਰਟੋਰੀਅਸ, ਏਂਡਿਲ ਫੇਲੁਕਵਾਯੋ, ਤਬਰੇਜ਼ ਸ਼ਮਸੀ, ਇਮਰਾਨ ਤਾਹਿਰ, ਲੁੰਗੀ ਏਂਗਿਡੀ, ਕ੍ਰਿਸ ਮੌਰਿਸ, ਰਾਸੀ ਵਾਰ ਡੇਰ ਡੁਸੇਨ।