ਕੈਨਬਰਾ : ਆਈਸੀਸੀ ਵਿਸ਼ਵ ਕੱਪ 2019 'ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਵਿਚਕਾਰ ਆਸਟ੍ਰੇਲੀਆਈ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜੋਏ ਰਿਚਰਡਸਨ 30 ਮਈ ਤੋਂ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਆਸਟ੍ਰੇਲੀਆ ਦੀ 15 ਮੈਂਬਰੀ ਟੀਮ 'ਚ ਰਿਚਰਡਸਨ ਨੂੰ ਥਾਂ ਮਿਲੀ ਸੀ ਪਰ ਸੱਟ ਕਾਰਨ ਉਹ ਵਿਸ਼ਵ ਕੱਪ ਨਹੀਂ ਖੇਡ ਸਕਣਗੇ।
ਰਿਚਰਡਸਨ ਨੂੰ ਮਾਰਚ 'ਚ ਸ਼ਾਰਜਾਹ 'ਚ ਪਾਕਿਸਤਾਨ ਵਿਰੁੱਧ ਖੇਡੀ ਗਈ ਲੜੀ ਦੇ ਦੂਜੇ ਮੈਚ 'ਚ ਸੱਟ ਲੱਗੀ ਸੀ। ਉਨ੍ਹਾਂ ਨੇ ਭਾਰਤ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਮੈਚਾਂ ਦੀ ਲੜੀ 'ਚ ਕੁਲ 7 ਵਿਕਟਾਂ ਲਈਆਂ ਸਨ। ਰਿਚਰਡਸਨ ਨੇ ਹੁਣ ਤਕ ਸਿਰਫ਼ 12 ਇਕ ਰੋਜ਼ਾ ਮੈਚ ਹੀ ਖੇਡੇ ਹਨ ਅਤੇ 26 ਵਿਕਟਾਂ ਲਈਆਂ ਹਨ। ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਰੁੱਧ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
ਜੋਏ ਰਿਚਰਡਸਨ ਦੀ ਥਾਂ ਕੇਨ ਰਿਚਰਡਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੇਨ ਰਿਚਰਡਸਨ ਓਹੀ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਨੇ ਤਿੰਨ ਸਾਲ ਪਹਿਲਾਂ ਇਕ ਮੈਚ 'ਚ ਇਕੱਲੇ ਹੀ ਅੱਧੀ ਭਾਰਤੀ ਟੀਮ ਨੂੰ ਪਵੇਲੀਅਨ ਭੇਜ ਦਿੱਤਾ ਸੀ। 28 ਸਾਲਾ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ 2013 'ਚ ਇਕ ਰੋਜ਼ਾ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਸਾਲ 2016 'ਚ ਭਾਰਤ ਵਿਰੁੱਧ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ। ਉਸ ਮੈਚ 'ਚ ਆਸਟ੍ਰੇਲੀਆ ਟੀਮ ਨੇ 348 ਦੌੜਾਂ ਬਣਾਈਆਂ ਸਨ। ਕੇਨ ਦੀ ਗੇਂਦਬਾਜ਼ੀ ਦੇ ਭਰੋਸੇ ਭਾਰਤ 25 ਦੌੜਾਂ ਤੋਂ ਮੈਚ ਹਾਰ ਗਿਆ ਸੀ। ਕੇਨ ਨੇ 5 ਵਿਕਟਾਂ ਲਈਆਂ ਸਨ।