ਵਿਸ਼ਵ ਕੱਪ 2019 : ਮੀਂਹ ਕਾਰਨ ਬੰਗਲਾਦੇਸ਼-ਸ੍ਰੀਲੰਕਾ ਵਿਚਕਾਰ ਮੈਚ ਰੱਦ

ਏਜੰਸੀ

ਖ਼ਬਰਾਂ, ਖੇਡਾਂ

ਦੋਹਾਂ ਟੀਮਾਂ ਨੂੰ ਮਿਲੇ 1-1 ਅੰਕ

World Cup 2019 : Bangladesh vs Sri Lanka match Called-off Due to Rain

ਬ੍ਰਿਸਟਲ : ਆਈਸੀਸੀ ਵਿਸ਼ਵ ਕੱਪ 2019 'ਚ ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਮੈਚ ਰੱਦ ਹੋਣ ਮਗਰੋਂ ਦੋਹਾਂ ਟੀਮਾਂ ਨੂੰ 1-1 ਅੰਕ ਮਿਲੇ। ਮੈਚ ਬ੍ਰਿਸਟਲ ਦੇ ਕਾਊਂਟੀ ਮੈਦਾਨ 'ਤੇ ਖੇਡਿਆ ਜਾਣਾ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਪੈਣ ਲੱਗਿਆ। ਇਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਹੁਣ ਸ੍ਰੀਲੰਕਾ ਦੇ 4 ਮੈਚਾਂ 'ਚ 4 ਅਤੇ ਬੰਗਲਾਦੇਸ਼ ਦੇ 4 ਮੈਚਾਂ 'ਚ 3 ਅੰਕ ਹਨ। ਅੰਕ ਸੂਚੀ 'ਚ ਸ੍ਰੀਲੰਕਾ 5ਵੇਂ ਅਤੇ ਬੰਗਲਾਦੇਸ਼ 7ਵੇਂ ਨੰਬਰ 'ਤੇ ਹੈ।

ਇਸ ਟੂਰਨਾਮੈਂਟ 'ਚ ਸ੍ਰੀਲੰਕਾ ਦਾ ਇਹ ਲਗਾਤਾਰ ਦੂਜਾ ਮੈਚ ਹੈ, ਜੋ ਮੀਂਹ ਕਾਰਨ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਵੀ ਇਸੇ ਮੈਦਾਨ 'ਤੇ ਉਸ ਦਾ ਪਾਕਿਸਤਾਨ ਨਾਲ ਮੈਚ ਹੋਣਾ ਸੀ। ਉਹ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਉਦੋਂ ਵੀ ਟਾਸ ਨਹੀਂ ਹੋ ਸਕਿਆ ਸੀ।

ਇਸ ਵਿਸ਼ਵ ਕੱਪ 'ਚ ਇਹ ਤੀਜਾ ਮੈਚ ਹੈ, ਜੋ ਮੀਂਹ ਕਾਰਨ ਰੱਦ ਹੋਇਆ ਹੈ। 10 ਜੂਨ ਨੂੰ ਸਾਊਥੈਪਟਨ 'ਚ ਦੱਖਣ ਅਫ਼ਰੀਕਾ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲਾ ਮੈਚ ਵੀ ਰੱਦ ਹੋ ਗਿਆ ਸੀ। ਮੀਂਹ ਕਾਰਨ 4 ਜੂਨ ਨੂੰ ਕਾਰਡਿਫ਼ 'ਚ ਅਫ਼ਗ਼ਾਨਿਸਤਾਨ ਅਤੇ ਸ੍ਰੀਲੰਕਾ ਵਿਚਕਾਰ ਵੀ ਖੇਡਿਆ ਗਿਆ ਮੈਚ 50-50 ਦੀ ਥਾਂ 41-41 ਓਵਰਾਂ ਦਾ ਕਰ ਦਿੱਤਾ ਗਿਆ ਸੀ।