ਪਹਿਲੀ ਮਹਿਲਾ ਆਈ.ਪੀ.ਐਲ. - ਵਾਇਆਕਾਮ 18 ਨੇ 951 ਕਰੋੜ ਰੁਪਏ ਵਿੱਚ ਖਰੀਦੇ ਮੀਡੀਆ ਅਧਿਕਾਰ

ਏਜੰਸੀ

ਖ਼ਬਰਾਂ, ਖੇਡਾਂ

ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਸਕਦੇ ਹਨ ਇਹ ਚਰਚਿਤ ਖੇਡ ਮੁਕਾਬਲੇ 

Image For Representational Purpose Only

 

ਨਵੀਂ ਦਿੱਲੀ - ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਾਇਆਕਾਮ 18 ਨੇ ਡਿਜ਼ਨੀ ਸਟਾਰ ਅਤੇ ਸੋਨੀ ਨੂੰ ਪਛਾੜਦੇ ਹੋਏ, ਪੰਜ ਸਾਲਾਂ ਲਈ ਆਗਾਮੀ ਮਹਿਲਾ ਆਈ.ਪੀ.ਐਲ. ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ ਵਿੱਚ ਖਰੀਦੇ ਹਨ।

ਟੀ-20 ਲੀਗ ਦੀ ਨਿਲਾਮੀ ਸੋਮਵਾਰ ਨੂੰ ਮੁੰਬਈ 'ਚ ਕ੍ਰਿਕੇਟ ਬੋਰਡ ਦੇ ਮੁੱਖ ਦਫ਼ਤਰ 'ਚ ਹੋਈ। ਪਹਿਲੀ ਮਹਿਲਾ ਆਈ.ਪੀ.ਐਲ. ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ। ਇਸ ਵਿੱਚ ਪੰਜ ਟੀਮਾਂ ਹਿੱਸਾ ਲੈਣਗੀਆਂ ਅਤੇ ਸਾਰੇ ਮੈਚ ਮੁੰਬਈ ਵਿੱਚ ਹੋਣਗੇ।

ਗਲੋਬਲ ਅਧਿਕਾਰਾਂ ਦੀਆਂ ਤਿੰਨ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਟੀਵੀ, ਡਿਜੀਟਲ ਅਤੇ ਸੰਯੁਕਤ ਅਧਿਕਾਰ ਸ਼ਾਮਲ ਹਨ। ਵਾਇਆਕਾਮ 18 ਨੇ ਸਾਂਝੇ ਅਧਿਕਾਰਾਂ ਲਈ ਇੱਕ ਸਫ਼ਲ ਬੋਲੀ ਲਗਾਈ। ਪੁਰਸ਼ਾਂ ਦੇ ਆਈ.ਪੀ.ਐਲ. ਵਿੱਚ, ਤਿੰਨੋਂ ਅਧਿਕਾਰ ਵੱਖਰੇ-ਵੱਖਰੇ ਤੌਰ 'ਤੇ ਵੇਚੇ ਗਏ ਸਨ।

ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ ਨੇ ਬੋਰਡ ਦੇ ਇੱਕ ਬਿਆਨ ਵਿੱਚ ਕਿਹਾ, "ਪਿਛਲੇ ਕੁਝ ਸਾਲਾਂ ਵਿੱਚ ਮਹਿਲਾ ਕ੍ਰਿਕੇਟ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ, ਅਤੇ ਆਸਟਰੇਲੀਆ ਖ਼ਿਲਾਫ਼ ਹਾਲ ਹੀ ਵਿੱਚ ਸਮਾਪਤ ਹੋਈ ਦੁਵੱਲੀ ਲੜੀ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਮਹਿਲਾ ਕ੍ਰਿਕੇਟ ਕਿੰਨੀ ਮਸ਼ਹੂਰ ਹੋ ਗਈ ਹੈ।"

ਉਨ੍ਹਾਂ ਅੱਗੇ ਕਿਹਾ, "ਇਹ ਉਚਿਤ ਸੀ ਕਿ ਅਸੀਂ ਆਪਣੀ ਮਹਿਲਾ ਟੀ-20 ਲੀਗ ਸ਼ੁਰੂ ਕਰੀਏ, ਅਤੇ ਪ੍ਰਸ਼ੰਸਕਾਂ ਨੂੰ ਹੋਰ ਮਹਿਲਾ ਕ੍ਰਿਕੇਟ ਦੇਖਣ ਦਾ ਮੌਕਾ ਦਈਏ।" 

ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਪ੍ਰਤੀ ਮੈਚ ਫ਼ੀਸ 7 ਕਰੋੜ 9 ਲੱਖ ਰੁਪਏ ਹੋਵੇਗੀ।

ਸ਼ਾਹ ਨੇ ਕਿਹਾ, "ਖੇਡ ਨੂੰ ਵਿਆਪਕ ਦਰਸ਼ਕਾਂ ਤੱਕ ਲਿਜਾਣ ਵਿੱਚ ਪ੍ਰਸਾਰਕਰਤਾ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਲੀਗ ਵਿੱਚ ਉਨ੍ਹਾਂ ਦੀ ਸਰਗਰਮ ਦਿਲਚਸਪੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਸਹੀ ਦਿਸ਼ਾ ਵਿੱਚ ਜਾ ਰਹੀ ਹੈ। ਪ੍ਰਤੀ ਮੈਚ ਮੁੱਲ 7 ਕਰੋੜ 9 ਲੱਖ ਰੁਪਏ ਹੈ ਜੋ ਔਰਤਾਂ ਦੇ ਮੈਚਾਂ ਲਈ ਪਹਿਲਾਂ ਕਦੇ ਨਹੀਂ ਮਿਲਿਆ।"

ਉਨ੍ਹਾਂ ਕਿਹਾ, “ਮੈਂ ਵਾਇਆਕਾਮ 18 ਨੂੰ 951 ਕਰੋੜ ਰੁਪਏ ਦੀ ਸੰਯੁਕਤ ਬੋਲੀ ਨਾਲ ਟੀਵੀ ਅਤੇ ਡਿਜੀਟਲ ਅਧਿਕਾਰ ਪ੍ਰਾਪਤ ਕਰਨ ਲਈ ਵਧਾਈ ਦਿੰਦਾ ਹਾਂ, ਅਤੇ ਸਵਾਗਤ ਕਰਦਾ ਹਾਂ। ਯਾਤਰਾ ਚੰਗੀ ਅਤੇ ਸਹੀ ਭਾਵਨਾ ਵਿੱਚ ਸ਼ੁਰੂ ਹੋਈ ਹੈ ਅਤੇ ਅਸੀਂ ਇਸ ਮਹੀਨੇ ਇੱਕ ਹੋਰ ਵੱਡਾ ਕਦਮ ਚੁੱਕਾਂਗੇ ਜਦੋਂ ਪੰਜ ਫ਼ਰੈਂਚਾਇਜ਼ੀ ਦਾ ਐਲਾਨ ਕੀਤਾ ਜਾਵੇਗਾ।"

ਵਾਇਆਕਾਮ 18 ਨੇ ਪੁਰਸ਼ਾਂ ਦੇ ਆਈ.ਪੀ.ਐੱਲ. ਦੇ ਡਿਜੀਟਲ ਅਧਿਕਾਰ 23,758 ਕਰੋੜ ਰੁਪਏ ਵਿੱਚ ਹਾਸਲ ਕੀਤੇ ਸਨ, ਜਦੋਂ ਕਿ ਡਿਜ਼ਨੀ ਸਟਾਰ ਨੇ ਜੂਨ 2022 ਵਿੱਚ ਤਿੰਨ ਦਿਨ ਦੀ ਨਿਲਾਮੀ ਦੌਰਾਨ 2023 ਤੋਂ ਸ਼ੁਰੂ ਹੋਣ ਵਾਲੇ ਪੰਜ ਸਾਲਾਂ ਦੇ ਸਮੇਂ ਲਈ 23,575 ਕਰੋੜ ਰੁਪਏ ਵਿੱਚ ਟੀਵੀ ਅਧਿਕਾਰ ਬਰਕਰਾਰ ਰੱਖੇ ਸਨ।

ਆਈ.ਪੀ.ਐਲ. ਗਵਰਨਿੰਗ ਕੌਂਸਲ ਦੇ ਚੇਅਰਮੈਨ ਅਰੁਣ ਸਿੰਘ ਧੂਮਲ ਨੇ ਕਿਹਾ, "ਪ੍ਰਕਿਰਿਆ ਵਿੱਚ ਸਾਰੇ ਬੋਲੀਕਾਰਾਂ ਦਾ ਵਿਸ਼ਵਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਉਹ ਇਸ ਵਿੱਚ ਨਿਵੇਸ਼ ਕਰਨ ਦੀ ਕੀਮਤ ਦੇਖਦੇ ਹਨ, ਜੋ ਹਰ ਲੰਘਦੇ ਸਾਲ ਦੇ ਨਾਲ ਵਧ ਰਿਹਾ ਹੈ।"

ਉਸ ਨੇ ਕਿਹਾ, "ਮਹਿਲਾ ਕ੍ਰਿਕੇਟ ਨੇ ਪਿਛਲੇ ਸਾਲਾਂ ਵਿੱਚ ਬਹੁਤ ਤਰੱਕੀ ਦਾ ਪ੍ਰਗਟਾਵਾ ਕੀਤਾ ਹੈ, ਅਤੇ ਸਾਡੀ ਆਪਣੀ ਟੀ-20 ਲੀਗ ਹੋਣ ਨਾਲ ਮਹਿਲਾ ਕ੍ਰਿਕੇਟ ਦੇ ਸਾਡੇ ਦ੍ਰਿਸ਼ਟੀਕੋਣ ਅਤੇ ਭਾਰਤ ਵਿੱਚ ਇਸ ਦੇ ਵਧਣ ਦੀ ਸੰਭਾਵਨਾ ਨੂੰ ਮਜ਼ਬੂਤੀ ਮਿਲਦੀ ਹੈ।"