ਆਈਸੀਸੀ ਦਾ ਵੱਡਾ ਬਿਆਨ, ਫਿਕਸਿੰਗ ਅਤੇ ਭ੍ਰਿਸ਼ਟਾਚਾਰ ਦਾ ‘ਅੱਡਾ’ ਬਣ ਚੁੱਕਾ ਹੈ ਭਾਰਤ

ਏਜੰਸੀ

ਖ਼ਬਰਾਂ, ਖੇਡਾਂ

ਸਾਲ 2013 ਵਿਚ ਆਈਪੀਐਲ ਦੌਰਾਨ ਹੋਈ ਸਪਾਟ ਫਿਕਸਿੰਗ ਤੋਂ ਬਾਅਦ ਭਾਰਤੀ ਕ੍ਰਿਕਟ ‘ਤੇ ਵੱਡਾ ਦਾਗ ਲੱਗ ਗਿਆ ਸੀ।

International Cricket Council

ਨਵੀਂ ਦਿੱਲੀ: ਸਾਲ 2013 ਵਿਚ ਆਈਪੀਐਲ ਦੌਰਾਨ ਹੋਈ ਸਪਾਟ ਫਿਕਸਿੰਗ ਤੋਂ ਬਾਅਦ ਭਾਰਤੀ ਕ੍ਰਿਕਟ ‘ਤੇ ਵੱਡਾ ਦਾਗ ਲੱਗ ਗਿਆ ਸੀ। ਹਾਲਾਂਕਿ ਆਈਸੀਸੀ ਦੇ ਐਂਟੀ ਕਰਪਸ਼ਨ ਯੂਨਿਟ ਨੇ ਇਹ ਕਹਿ ਕੇ ਬੀਸੀਸੀਆਈ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਕਿ ਉਹ ਫਿਲਹਾਲ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਉਹਨਾਂ ਵਿਚ ਜ਼ਿਆਦਾਤਰ ਮਾਮਲੇ ਭਾਰਤ ਨਾਲ ਜੁੜੇ ਹੋਏ ਹਨ ਅਤੇ ਭਾਰਤ ਇਸ ਦਾ ਅੱਡਾ ਬਣਦਾ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਆਈਪੀਐਲ ਤੋਂ ਬਾਅਦ ਹੁਣ ਸੱਟੇਬਾਜ਼ ਘਰੇਲੂ ਲੀਗ ਨੂੰ ਨਿਸ਼ਾਨਾ ਬਣਾ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ ਐਂਟੀ ਕਰਪਸ਼ਨ ਯੂਨਿਟ ਦੇ ਅਧਿਕਾਰੀ ਰਿਚਰਡਸਨ ਨੇ ਕਿਹਾ, ‘ਅਸੀਂ ਫਿਲਹਾਲ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ ਅਤੇ ਇਹਨਾਂ ਵਿਚੋਂ 50 ਮਾਮਲੇ ਭਾਰਤ ਨਾਲ ਜੁੜੇ ਹੋਏ ਹਨ’।

ਹਾਲਾਂਕਿ ਹੁਣ ਤੱਕ ਇਸ ਮਾਮਲੇ ਵਿਚ ਕਿਸੇ ਖਿਡਾਰੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀ ਨੇ ਅੱਗੇ ਕਿਹਾ, ‘ਖਿਡਾਰੀ ਚੇਨ ਦਾ ਆਖਰੀ ਹਿੱਸਾ ਹੁੰਦੇ ਹਨ। ਪਰੇਸ਼ਾਨੀ ਇਹ ਹੈ ਕਿ ਜੋ ਵਾਕਈ ਇਸ ਦੇ ਨਾਲ ਜੁੜੇ ਹਨ ਉਹ ਮੈਦਾਨ ਦੇ ਬਾਹਰ ਬੈਠਦੇ ਹਨ। ਮੈਂ ਭਾਰਤੀ ਸਰਕਾਰੀ ਏਜੰਸੀਆਂ ਨੂੰ ਅਜਿਹੇ ਅੱਠ ਨਾਮ ਦੇ ਸਕਦਾ ਹਾਂ ਜੋ ਖਿਡਾਰੀਆਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ’।

ਪਿਛਲੇ ਸਾਲ ਕਰਨਾਟਕ ਪ੍ਰੀਮੀਅਰ ਲੀਗ ਵਿਚ ਕਈ ਲੋਕਾਂ ‘ਤੇ ਫਿਕਸਿੰਗ ਨਾਲ ਜੁੜੇ ਇਲ਼ਜ਼ਾਮ ਲਗਾਏ ਗਏ ਸੀ, ਜਿਸ ਵਿਚ ਖਿਡਾਰੀਆਂ ਦੇ ਨਾਲ-ਨਾਲ ਟੀਮ ਦੇ ਮਾਲਕ ਵੀ ਸ਼ਾਮਲ ਸੀ। ਇਹਨਾਂ ਲੋਕਾਂ ਖਿਲਾਫ ਜਾਂਚ ਲਈ ਚਾਰਜ ਸ਼ੀਟ ਵੀ ਦਰਜ ਕੀਤੀ ਜਾ ਚੁੱਕੀ ਹੈ। ਬੀਸੀਸੀਆਈ ਦੇ ਏਸੀਯੂ ਦੇ ਪ੍ਰਧਾਨ ਅਜੀਤ ਸਿੰਘ ਨੇ ਕਿਹਾ, ‘ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਲਈ ਇਹ ਸਭ ਕੀਤਾ ਜਾਂਦਾ ਹੈ। ਇਸ ਦੇ ਲਈ ਟੀਮ ਦੇ ਅਧਿਕਾਰੀ, ਮਾਲਕ, ਸਪੋਰਟ ਸਟਾਫ ਅਤੇ ਖਿਡਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ’।