ਟੋਕੀਉ ਉਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ, ਤਮਗ਼ਿਆਂ ਦਾ ਹੋਇਆ ਦੀਦਾਰ

ਏਜੰਸੀ

ਖ਼ਬਰਾਂ, ਖੇਡਾਂ

24 ਜੁਲਾਈ 2020 ਨੂੰ ਹੋਵੇਗਾ ਟੋਕੀਉ ਉਲੰਪਿਕ ਦਾ ਉਦਘਾਟਨ ਸਮਾਗਮ 

Tokyo Olympics unveils medals; begin 'one year to go' countdown

ਟੋਕੀਉ : ਏਸ਼ੀਆ ਮਹਾਂਦੀਪ ਵਿਚ 12 ਸਾਲ ਬਾਅਦ ਹੋਣ ਵਾਲੇ ਟੋਕੀਉ ਉਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸ ਖੇਡ ਮਹਾਂਕੁੰਭ ਦੇ ਉਦਘਾਟਨ ਸਮਾਗਮ ਤੋਂ ਠੀਕ ਇਕ ਸਾਲ ਪਹਿਲਾਂ ਬੁਧਵਾਰ ਨੂੰ ਇਥੇ ਪਹਿਲੀ ਵਾਰ ਇਸ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ਿਆਂ ਨੂੰ ਜਨਤਕ ਕੀਤਾ ਗਿਆ। ਜਾਪਾਨ ਦੀ ਰਾਜਧਾਨੀ ਵਿਚ ਪ੍ਰਸ਼ਾਸਕਾਂ, ਆਯੋਜਕਾਂ ਅਤੇ ਸਿਆਸੀ ਲੋਕਾਂ ਨੇ ਸਮਾਗਮ ਵਿਚ ਹਿੱਸਾ ਲਿਆ। ਲੋਕਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਅਤੇ ਘੜੀ 365 ਦਿਨ ਬਾਕੀ ਦਿਖਾ ਰਹੀ ਸੀ। ਟੋਕੀਉ ਉਲੰਪਿਕ ਦਾ ਉਦਘਾਟਨ ਸਮਾਗਮ 24 ਜੁਲਾਈ 2020 ਨੂੰ ਹੋਵੇਗਾ।

ਉਲੰਪਿਕ 1976 ਵਿਚ ਤਲਵਾਰਬਾਜ਼ੀ ਦੇ ਸੋਨ ਤਮਗ਼ਾ ਜੇਤੂ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਸਕੂਲੀ ਬੱਚਿਆਂ ਨਾਲ ਅਪਣੇ ਕੌਸ਼ਲ ਦਾ ਪ੍ਰਦਾਰਸ਼ਨ ਵੀ ਕੀਤਾ। ਜਾਪਾਨ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ 'ਤੇ ਲਗਭਗ 20 ਅਰਬ ਡਾਲਰ ਖ਼ਰਚ ਕੀਤਾ ਹੈ ਹਾਲਾਂਕਿ ਉਲੰਪਿਕ ਆਯੋਜਨ 'ਤੇ ਹੋਣ ਵਾਲੇ ਖ਼ਰਚੇ ਦਾ ਸਟੀਕ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਖੇਡਾਂ ਲਈ ਅੱਠ ਨਵੇਂ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਪੰਜ ਦਾ ਕੰਮ ਸਮਾਪਤ ਹੋ ਚੁੱਕਾ ਹੈ। ਨੈਸ਼ਲ ਸਟੇਡੀਅਮ ਇਕ ਅਰਬ 25 ਕਰੋੜ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਇਸ ਸਾਲ ਦੇ ਅੰਤ ਤਕ ਖੋਲ੍ਹ ਦਿਤਾ ਜਾਵੇਗਾ।

ਜਾਪਾਨੀ ਲੋਕਾਂ ਦੀਆਂ ਟਿਕਟਾਂ ਦੀ ਮੰਗ ਪੂਰਤੀ ਤੋਂ 10 ਗੁਣਾ ਜ਼ਿਆਦਾ ਜਾਂ ਇਸ ਤੋਂ ਵੀ ਵੱਧ ਹੈ। ਵਿਦੇਸ਼ਾਂ ਤੋਂ ਵੀ ਟਿਕਟਾਂ ਦੀ ਭਾਰੀ ਮੰਗ ਹੈ। ਜਾਪਾਨ ਵਿਚ ਹਾਲ ਹੀ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਟਿਕਟਾਂ ਦੀ ਫਿਰ ਤੋਂ ਵਿਕਰੀ ਕਰਨ 'ਤੇ ਰੋਕ ਲਈ ਕਾਨੂੰਨ ਬਣਾਇਆ ਗਿਆ ਸੀ ਅਤੇ ਤਮਾਮ ਖ਼ਾਮੀਆਂ ਵਿਚਾਲੇ ਇਸ ਕਾਨੂੰਨ ਦੀ ਅਸਲ ਪਰਖ ਹੋਵੇਗੀ। ਟੋਕੀਉ ਦੀ ਉਲੰਪਿਕ ਲਈ ਤਿਆਰੀਆਂ ਆਖ਼ਰੀ ਗੇੜ ਵਿਚ ਪ੍ਰਵੇਸ਼ ਕਰ ਗਈਆਂ ਹਨ। ਕੋਟੇਸ ਨੇ ਤਿਆਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ, ''ਅਸੀਂ ਬਹੁਤ ਖ਼ੁਸ਼ ਹਾਂ ਕਿ ਖੇਡਾਂ ਲਈ ਤਿਅਰੀਆਂ ਸਹੀ ਦਿਸ਼ਾ ਵਿਚ ਅੱਗੇ ਵਧ ਰਹੀਆਂ ਹਨ।

ਆਯੋਜਕ ਟੋਕੀਉ ਦੀ ਗਰਮੀ ਨਾਲ ਨਜਿਠਣ ਲਈ ਤਿਆਰੀਆਂ ਕਰ ਰਹੇ ਹਨ ਹਲਾਂਕਿ ਇਸ ਵਾਰ ਇਥੇ ਬਰਸਾਤ ਹੋਈ ਹੈ। ਆਵਾਜਾਈ ਅਤੇ ਭੀੜ ਵੀ ਇਕ ਚਿੰਤਾ ਦਾ ਵਿਸ਼ਾ ਹੈ। ਉਲੰਪਿਕ ਸਮਾਪਤ ਹੋਣ ਤੋਂ ਬਾਅਦ 25 ਅਗਸਤ 2020 ਤੋਂ ਪੈਰਾ ਉਲੰਪਿਕ ਸ਼ੁਰੂ ਹੋਣਗੇ। ਟੋਕੀਉ ਨੇ ਇਸ ਤੋਂ ਪਹਿਲਾਂ 1964 ਵਿਚ ਉਲੰਪਿਕ ਦਾ ਆਯੋਜਨ ਕੀਤਾ ਸੀ ਜਦੋਂਕਿ ਏਸ਼ੀਆ ਮਹਾਂਦੀਪ ਵਿਚ ਆਖ਼ਰੀ ਉਲੰਪਿਕ 2008 ਵਿਚ ਬੀਜਿੰਗ ਵਿਚ ਹੋਇਆ ਸੀ।