ਪਾਕਿ ਕ੍ਰਿਕੇਟਰ ਬਾਬਰ ਨੇ ਤੋੜਿਆ ਵਿਰਾਟ ਕੋਹਲੀ ਦਾ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਬਾਬਰ ਆਜਮ ਨੇ ਐਤਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਤੀਜੇ ਟੀ-20 ਮੈਚ ਦੇ ਦੌਰਾਨ ਵਿਸ਼ਵ ਰਿਕਾਰਡ...

Pak cricketer Babar has broken world record of Virat Kohli

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਦੇ ਬਾਬਰ ਆਜਮ ਨੇ ਐਤਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਤੀਜੇ ਟੀ-20 ਮੈਚ ਦੇ ਦੌਰਾਨ ਵਿਸ਼ਵ ਰਿਕਾਰਡ ਬਣਾਇਆ। ਬਾਬਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵਿਸ਼ਵ ਰਿਕਾਰਡ ਤੋੜ ਦਿਤਾ ਹੈ। ਉਹ ਇੰਟਰਨੈਸ਼ਨਲ ਟੀ-20 ਕ੍ਰਿਕੇਟ ਵਿਚ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਇਸ ਮੈਚ ਵਿਚ 58 ਗੇਂਦਾਂ ਵਿਚ 79 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੇ ਇਸ ਦੌਰਾਨ ਇੰਟਰਨੈਸ਼ਨਲ ਕ੍ਰਿਕੇਟ ਵਿਚ 1000 ਦੌੜਾਂ ਪੂਰੀਆਂ ਕੀਤੀਆਂ।

ਉਨ੍ਹਾਂ ਨੇ 26 ਮੈਚਾਂ ਦੀਆਂ 26 ਪਾਰੀਆਂ ਵਿਚ ਇਹ ਉਪਲਬਧੀ ਹਾਸਲ ਕਰ ਕੇ ਵਿਰਾਟ ਨੂੰ ਪਿਛੇ ਛੱਡਿਆ। ਇਸ ਮੈਚ ਤੋਂ ਪਹਿਲਾਂ ਬਾਬਰ ਨੂੰ ਕੋਹਲੀ ਦਾ ਰਿਕਾਰਡ ਤੋੜਨ ਲਈ 48 ਦੌੜਾਂ ਦੀ ਲੋੜ ਸੀ। ਨਿਊਜ਼ੀਲੈਂਡ ਟੀਮ ਦੇ ਖਿਲਾਫ਼ ਤੀਜੇ ਟੀ-20 ਵਿਚ 48 ਦੌੜਾਂ ਬਣਾਉਂਦੇ ਹੀ ਉਨ੍ਹਾਂ ਨੇ ਕੋਹਲੀ ਨੂੰ ਪਿਛੇ ਛੱਡ ਕੇ ਇਕ ਨਵਾਂ ਰਿਕਾਰਡ ਅਪਣੇ ਨਾਮ ਦਰਜ ਕਰਵਾ ਲਿਆ। ਟੀ-20 ਵਿਚ ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ 24 ਸਾਲ ਦੇ ਬਾਬਰ ਨੇ ਅਪਣੀ ਇਸ ਪਾਰੀ ਵਿਚ ਸੱਤ ਚੌਕੇ ਅਤੇ ਦੋ ਛੱਕੇ ਵੀ ਜੜੇ।

ਵਿਰਾਟ ਨੇ 2 ਅਕਤੂਬਰ 2015 ਨੂੰ ਧਰਮਸ਼ਾਲਾ ਵਿਚ ਦੱਖਣ ਅਫ਼ਰੀਕਾ ਦੇ ਖਿਲਾਫ਼ ਅਪਣੀ 27ਵੀਂ ਪਾਰੀ ਵਿਚ 1000 ਦੌੜਾਂ ਪੂਰੀਆਂ ਕੀਤੀਆਂ ਸਨ। ਬਾਬਰ ਆਜਮ ਦੀ ਇਸ ਜ਼ਬਰਦਸਤ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-20 ਮੈਚ ਵਿਚ 47 ਦੌੜਾਂ ਨਾਲ ਹਰਾ ਕੇ ਲੜੀ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਇਸ ਮੈਚ ਵਿਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰ ਵਿਚ ਤਿੰਨ ਵਿਕੇਟ ਗਵਾ ਕੇ 166 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਪਾਕਿਸਤਾਨ ਦੇ ਸਪਿਨਰਾਂ ਸ਼ਾਦਾਬ ਖਾਨ (30 ਦੌੜਾਂ ਦੇ ਕੇ ਤਿੰਨ ਵਿਕੇਟ) ਅਤੇ ਇਮਦ ਵਸੀਮ (28 ਦੌੜਾਂ ਦੇ ਕੇ ਦੋ ਵਿਕੇਟ) ਨੇ ਨਿਊਜ਼ੀਲੈਂਡ ਨੂੰ 16.5 ਓਵਰ ਵਿਚ 119 ਦੌੜਾਂ ‘ਤੇ ਆਉਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਟੀਮ ਨੇ ਅਪਣੇ ਆਖ਼ਰੀ ਅੱਠ ਵਿਕੇਟ ਕੇਵਲ 23 ਦੌੜਾਂ ਦੇ ਅੰਦਰ ਗਵਾਏ। ਨਿਊਜ਼ੀਲੈਂਡ ਵਲੋਂ ਕਪਤਾਨ ਕੇਨ ਵਿਲੀਅਮਸਨ ਨੇ 38 ਗੇਂਦਾਂ ‘ਚ 60 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਅੱਠ ਚੌਕੇ ਅਤੇ ਦੋ ਛੱਕੇ ਸ਼ਾਮਿਲ ਹਨ।

ਸਲਾਮੀ ਬੱਲੇਬਾਜ ਗਲੇਨ ਫਿਲਿਪਸ ਨੇ 26 ਦੌੜਾਂ ਦਾ ਯੋਗਦਾਨ ਦਿਤਾ। ਪਾਕਿਸਤਾਨ ਨੇ ਲਗਾਤਾਰ ਦੂਜੀ ਲੜੀ ਵਿਚ ਕਲੀਨ ਸਵੀਪ ਕੀਤਾ। ਇਸ ਤੋਂ ਪਹਿਲਾਂ ਉਸ ਨੇ ਆਸਟਰੇਲੀਆ ਨੂੰ ਵੀ 3-0 ਨਾਲ ਹਰਾਇਆ ਸੀ।

Related Stories