ਸ੍ਰੀਲੰਕਾ-ਵੈਸਟਇੰਡੀਜ ਟੈਸਟ ਮੈਚ ਪਹੁੰਚਿਆ ਰੁਮਾਂਚਿਕ ਮੋੜ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਕਾਰ ਚਲ ਰਿਹਾ ਤੀਜਾ ਤੇ ਆਖ਼ਰੀ ਟੈਸਟ ਮੈਚ ਰੁਮਾਂਚਿਕ ਮੋੜ 'ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਨੂੰ ਵੈਸਟਇੰਡੀਜ਼ ਵਿਰੁਧ ...

Sri Lanka,West Indies

ਬਰਿਜਟਾਊਨ, (ਏਜੰਸੀ): ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਕਾਰ ਚਲ ਰਿਹਾ ਤੀਜਾ ਤੇ ਆਖ਼ਰੀ ਟੈਸਟ ਮੈਚ ਰੁਮਾਂਚਿਕ ਮੋੜ 'ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਨੂੰ ਵੈਸਟਇੰਡੀਜ਼ ਵਿਰੁਧ ਤੀਸਰੇ ਅਤੇ ਅੰਤਮ ਟੈਸਟ ਮੈਚ ਨੂੰ ਜਿੱਤ ਕੇ ਲੜੀ 1-1 ਨਾਲ ਬਰਾਬਰ ਕਰਨ ਲਈ ਹੁਣ ਕੇਵਲ 63 ਦੌੜਾਂ ਦੀ ਲੋੜ ਹੈ ਉਸ ਕੋਲ ਅਜੇ ਪੰਜ ਵਿਕਟਾਂ ਹਨ ਤੇ ਦੂਜੇ ਪਾਸੇ ਜੇ ਵੈਸਟਇੰਡੀਜ਼ ਕੋਈ ਕਰਿਸ਼ਮਾ ਕਰ ਗਏ ਤਾਂ ਉਹ ਟੈਸਟ ਲੜੀ ਜਿੱਤ ਜਾਵੇਗਾ।ਇਸ ਦਿਨ ਰਾਤ ਦੇ ਟੈਸਟ ਮੈਚ ਦੇ ਤੀਜੇ ਦਿਨ ਕੁੱਲ 20 ਵਿਕਟਾਂ ਡਿੱਗੀਆਂ।ਸ਼੍ਰੀਲੰਕਾ ਨੇ ਅਪਣੀ ਪਹਿਲੀ ਪਾਰੀ ਪੰਜ ਵਿਕਟ 'ਤੇ 99 ਦੌੜਾਂ ਤੋਂ ਅੱਗੇ ਵਧਾਈ ਪਰ ਉਸ ਦੀ ਸਾਰੀ ਟੀਮ 154 ਦੌੜਾਂ 'ਤੇ ਹੀ ਢੇਰ ਹੋ ਗਈ।

ਸ਼੍ਰੀਲੰਕਾ ਵਲੋਂ ਨਿਰੋਸ਼ਨ ਡਿਕਵੇਲਾ ਨੇ ਸੱਭ ਤੋਂ ਜ਼ਿਆਦਾ 42 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਵੈਸਟਇੰਡੀਜ ਦੇ ਕਪਤਾਨ ਜੈਸਨ ਹੋਲਡਰ ਨੇ ਚਾਰ, ਸ਼ੇਨੋਨ ਗੈਬਰੀਅਲ ਨੇ ਤਿੰਨ ਅਤੇ ਕੇਮਾਰ ਰੋਚ ਨੇ ਦੋ ਵਿਕਟਾਂ ਲਈਆਂ।ਪਹਿਲੀ ਪਾਰੀ ਵਿਚ 204 ਦੌੜਾਂ ਬਣਾਉਣ ਵਾਲੀ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ ਵਿਚ ਕੇਵਲ 93ਦੌੜਾਂ 'ਤੇ ਹੀ ਸਿਮਟ ਗਈ।  ਉਸ ਦੇ ਕੇਵਲ ਚਾਰ ਬੱਲੇਬਾਜ਼ ਦੂਹਰੇ ਅੰਕੜੇ ਤਕ ਪੁੱਜੇ ਜਿਨ੍ਹਾਂ ਵਿਚੋਂ ਨੌਵੇਂ ਨੰਬਰ ਦੇ ਰੋਚ ਨੇ ਸੱਭ ਤੋਂ ਜ਼ਿਆਦਾ ਨਾਬਾਦ 23 ਦੌੜਾਂ ਬਣਾਈਆਂ।ਸ਼੍ਰੀਲੰਕਾ ਦੇ ਕਾਰਜਕਾਰੀ ਕਪਤਾਨ ਸੁਰੰਗਾ ਲਖਮਲ ਅਤੇ ਕਾਸੁਨ ਰਜੀਤਾ ਨੇ ਤਿੰਨ-ਤਿੰਨ ਜਦਕਿ ਲਹਿਰੂ ਕੁਮਾਰਾ ਨੇ ਦੋ ਵਿਕਟਾਂ ਲਈਆਂ।

ਇਸ ਤਰ੍ਹਾਂ ਸ਼੍ਰੀਲੰਕਾ ਨੂੰ 144 ਦੌੜਾਂ ਦਾ ਟੀਚਾ ਮਿਲਿਆ ਲੇਕਿਨ ਉਸ ਦੇ ਉਪਰੀ ਕ੍ਰਮ ਲੜਖੜਾ ਗਿਆ। ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਸ਼੍ਰੀਲੰਕਾ ਨੇ ਪੰਜ ਵਿਕਟਾਂ 'ਤੇ 81 ਦੌੜਾਂ ਬਣਾ ਲਈਆਂ ਸਨ ਅਤੇ ਉਹ ਟੀਚੇ ਤੋਂ ਕੇਵਲ 63 ਦੌੜਾਂ ਦੂਰ ਹੈ। ਹੁਣ ਸ੍ਰੀਲੰਕਾ ਦੀਆਂ ਉਮੀਦਾਂ ਜੀਵਨ ਮੈਂਡਿਸ 'ਤੇ ਟਿਕੀਆਂ ਹੋਈਆਂ ਹਨ ਜੋ 25 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ  ਦੇ  ਨਾਲ ਦੂਜੇ ਪਾਸੇ ਦਿਲਰੂਵਾਨ ਪਰੇਰਾ ਖੜਾ ਹੈ। ਦੂਜੇ ਪਾਸੇ ਵੈਸਟਇੰਡੀਜ਼ ਗੇਂਦਬਾਜ਼ ਵੀ ਅੱਗ ਉਗਲ ਰਹੇ ਹਨ।ਕਪਤਾਨ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ।  ਉਸ ਨੇ ਹੁਣ ਤਕ 21 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਹਨ ।ਹੁਣ ਦੇਖਣਾ ਹੋਵੇਗਾ ਕਿ ਜਿੱਤ ਕਿਸ ਨੂੰ ਨਸੀਬ ਹੁੰਦੀ ਹੈ।