ਏਸ਼ਿਆਈ ਹਾਕੀ ਚੈਂਪੀਅੰਸ: ਭਾਰਤ ਅਤੇ ਪਾਕਿ ਬਣੀਆਂ ਸੰਯੁਕਤ ਜੇਤੂ ਕਰਾਰ ਟੀਮਾਂ
ਮੌਜੂਦਾ ਜੇਤੂ ਭਾਰਤ ਅਤੇ ਪਾਕਿਸਤਾਨ ਦੇ ਵਿਚ ਏਸ਼ਿਆਈ ਚੈਂਪੀਅੰਸ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰੀ ਮੀਂਹ ਦੀ ਭੇਂਟ ਚੜ੍ਹ ਗਿਆ ਅਤੇ ਦੋਵਾਂ ਟੀਮਾਂ ਨੂੰ ਸੰਯੁਕਤ ਜੇਤੂ...
ਮਸਕਟ (ਭਾਸ਼ਾ) : ਮੌਜੂਦਾ ਜੇਤੂ ਭਾਰਤ ਅਤੇ ਪਾਕਿਸਤਾਨ ਦੇ ਵਿਚ ਏਸ਼ਿਆਈ ਚੈਂਪੀਅੰਸ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰੀ ਮੀਂਹ ਦੀ ਭੇਂਟ ਚੜ੍ਹ ਗਿਆ ਅਤੇ ਦੋਵਾਂ ਟੀਮਾਂ ਨੂੰ ਸੰਯੁਕਤ ਜੇਤੂ ਘੋਸ਼ਿਤ ਕੀਤਾ ਗਿਆ। ਐਤਵਾਰ ਰਾਤ ਇਥੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਤੇਜ ਮੀਂਹ ਸ਼ੁਰੂ ਹੋ ਗਿਆ ਅਤੇ ਨਿਰਧਾਰਤ ਸਮਾਂ ਤੋਂ ਬਾਅਦ ਵੀ ਮੀਂਹ ਨਾ ਰੁਕਣ ਕਰਕੇ ਦੋਵਾਂ ਟੀਮਾਂ ਨੂੰ ਸੰਯੁਕਤ ਜੇਤੂ ਘੋਸ਼ਿਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਅਪਣਾ ਖਿਤਾਬ ਬਚਾਉਣ ਵਿਚ ਕਾਮਯਾਬ ਰਹੀ।
ਭਾਰਤ ਅਤੇ ਪਾਕਿਸਤਾਨ ਦੋਵਾਂ ਟੀਮਾਂ ਨੇ ਹੁਣ ਤਿੰਨ-ਤਿੰਨ ਵਾਰ ਇਸ ਟੂਰਨਾਮੈਂਟ ਵਿਚ ਖਿਤਾਬੀ ਜਿੱਤ ਹਾਸਲ ਕਰ ਲਈ ਹੈ। 2016 ਵਿਚ ਭਾਰਤ ਨੇ ਫਾਇਨਲ ਵਿਚ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਖਿਤਾਬ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ 2011 ਵਿਚ ਵੀ ਫਾਇਨਲ ਵਿਚ ਪਾਕਿਸਤਾਨ ਨਾਲ ਭਿੜ ਚੁੱਕੀ ਹੈ। ਇਸ ਵਿਚ ਵੀ ਭਾਰਤੀ ਟੀਮ ਨੇ ਬਾਜੀ ਮਾਰੀ ਸੀ। ਉਥੇ ਹੀ ਪਾਕਿਸਤਾਨ ਨੇ 2012 ਅਤੇ 2013 ਵਿਚ ਖਿਤਾਬ ਅਪਣੇ ਨਾਮ ਕੀਤਾ ਸੀ।
ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਅਜਿੱਤ ਰਹੀ ਅਤੇ ਫਾਈਨਲ ਤੋਂ ਪਹਿਲਾਂ ਉਸ ਨੇ ਛੇ ਮੈਚ ਖੇਡੇ ਜਿਸ ਵਿਚ ਉਹ ਸਾਰੇ ਮੈਚਾਂ ਵਿਚ ਜੇਤੂ ਰਿਹਾ। ਭਾਰਤ ਨੇ ਸਿਰਫ਼ ਮਲੇਸ਼ੀਆ ਨਾਲ ਗੋਲਰਹਿਤ ਡਰਾ ਖੇਡਿਆ ਸੀ। ਉਸ ਤੋਂ ਇਲਾਵਾ ਓਮਾਨ ਨੂੰ 11-0 ਨਾਲ, ਪਾਕਿਸਤਾਨ ਨੂੰ 3-1 ਨਾਲ, ਜਾਪਾਨ ਨੂੰ 9-0 ਨਾਲ, ਕੋਰੀਆ ਨੂੰ 4-1 ਨਾਲ ਅਤੇ ਸੈਮੀਫਾਈਨਲ ਵਿਚ ਜਾਪਾਨ ਨੂੰ 3-2 ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ ਤੀਸਰੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿਚ ਮਲੇਸ਼ੀਆ ਨੇ ਏਸ਼ਿਆਈ ਖੇਡਾਂ ਵਿਚ ਗੋਲਡ ਮੈਡਲ ਜੇਤੂ ਜਾਪਾਨ ਨੂੰ ਪੈਨੈਲਟੀ ਸ਼ੂਟਆਉਟ ਵਿਚ 3-2 ਨਾਲ ਮਾਤ ਦਿਤੀ। ਨਿਰਧਾਰਤ ਸਮੇਂ ਤੱਕ ਦੋਵਾਂ ਟੀਮਾਂ ਦੇ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨੈਲਟੀ ਸ਼ੂਟਆਉਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਮਲੇਸ਼ੀਆ ਨੇ 3-2 ਨਾਲ ਜਿੱਤ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ।