ਵਿਸ਼ਵ ਕੱਪ 'ਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਮੁਹੰਮਦ ਸ਼ਮੀ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 'ਚ ਲਗਾਤਾਰ ਤਿੰਨ ਵਾਰ 4 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਪਹਿਲੇ ਭਾਰਤੀ ਗੇਂਦਬਾਜ਼ ਬਣੇ

India pacer Mohammed Shami makes new record

ਬਰਮਿੰਘਮ : ਆਈਸੀਸੀ ਵਿਸ਼ਵ ਕੱਪ 2019 'ਚ ਭਾਰਤੀ ਟੀਮ ਦੇ ਤੇਜ਼ ਗੇਂਦਾਬਜ਼ ਮੁਹੰਮਦ ਸ਼ਮੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੁਹੰਮਦ ਸ਼ਮੀ ਨੇ ਇੰਗਲੈਂਡ ਵਿਰੁੱਧ ਖੇਡੇ ਗਏ ਮੁਕਾਬਲੇ 'ਚ 5 ਵਿਕਟਾਂ ਲੈ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਵਿਸ਼ਵ ਕੱਪ 'ਚ ਲਗਾਤਾਰ ਤਿੰਨ ਵਾਰ 4 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। 

ਸ਼ਮੀ ਨੇ ਇੰਗਲੈਂਡ ਦੇ 5 ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਹ ਮੁਹੰਮਦ ਸ਼ਮੀ ਦੇ ਇਕ ਰੋਜ਼ਾ ਕਰੀਅਤ ਦਾ ਸਰਬੋਤਮ ਪ੍ਰਦਰਸ਼ਨ ਵੀ ਹੈ। ਸ਼ਮੀ ਨੇ ਇਸ ਮੈਚ 'ਚ 10 ਓਵਰ ਗੇਂਦਬਾਜ਼ੀ ਕੀਤੀ ਅਤੇ ਕੁਲ 69 ਦੌੜਾਂ ਦਿੱਤੀਆਂ। ਸ਼ਮੀ ਇਸ ਮੁਕਾਬਲੇ 'ਚ ਥੋੜੇ ਮਹਿੰਗੇ ਜ਼ਰੂਰ ਸਾਬਤ ਹੋਏ ਪਰ ਉਨ੍ਹਾਂ ਨੇ ਇਕੱਲੇ ਹੀ ਅੱਧੀ ਇੰਗਲੈਂਡ ਟੀਮ ਨੂੰ ਪਵੇਲੀਅਨ ਭੇਜਿਆ।

ਜ਼ਿਕਰਯੋਗ ਹੈ ਕਿ ਸ਼ਮੀ ਇਸ ਵਿਸ਼ਵ ਕੱਪ 'ਚ ਹੈਟ੍ਰਿਕ ਵੀ ਲੈ ਚੁੱਕੇ ਹਨ। ਅਫ਼ਗ਼ਾਨਿਸਤਾਨ ਵਿਰੁੱਧ ਹੈਟ੍ਰਿਕ ਸਮੇਤ 4 ਵਿਕਟਾਂ ਲੈ ਕੇ ਰਿਕਾਰਡ ਬਣਾਇਆ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਵਿਰੁੱਧ ਸ਼ਮੀ ਨੇ 4 ਵਿਕਟਾਂ ਲਈਆਂ। ਇਸ ਮੈਚ 'ਚ ਸ਼ਮੀ ਨੇ 5 ਵਿਕਟਾਂ ਲੈ ਕੇ ਇਤਿਹਾਸ ਸਿਰਜ ਦਿੱਤਾ।

ਸ਼ਮੀ ਪਾਕਿਸਤਾਨ ਦੇ ਆਲਰਾਊਂਡਰ ਸ਼ਾਹੀਦ ਅਫ਼ਰੀਦੀ ਤੋਂ ਬਾਅਦ ਦੂਜੇ ਅਤੇ ਭਾਰਤ ਦੇ ਪਹਿਲੇ ਅਜਿਹੇ ਗੇਂਦਾਬਜ਼ ਬਣ ਗਏ ਹਨ, ਜਿਨ੍ਹਾਂ ਨੇ ਵਿਸ਼ਵ ਕੱਪ ਦੇ ਲਗਾਤਾਰ 3 ਮੈਚਾਂ 'ਚ 4-4 ਜਾਂ ਇਸ ਤੋਂ ਵੱਧ ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਅਫ਼ਰੀਦੀ ਨੇ ਸਾਲ 2011 ਦੇ ਵਿਸ਼ਵ ਕੱਪ 'ਚ ਲਗਾਤਾਰ ਤਿੰਨ ਪਾਰੀਆਂ 'ਚ 4-4 ਵਿਕਟਾਂ ਹਾਸਲ ਕੀਤੀਆਂ ਸਨ।