ਆਕਲੈਂਡ ਦੇ ਗੁਰਦੁਆਰਾ ਸਾਹਿਬ ਟਕਾਨਿਨੀ ਤੋਂ ਗੋਰੇ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬੀ ਜਿੱਥੇ ਕਿਤੇ ਵੀ ਜਾਂਦੇ ਹਨ, ਗੁਰੂਆਂ-ਪੀਰਾਂ ਤੋਂ ਮਿਲੀਆਂ ਸਿੱਖਿਆਵਾਂ ਸਦਕਾ ਉਥੇ ਨਵਾਂ ਪੰਜਾਬ ਵਸਾ ਲੈਂਦੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ....

Aukland Gurdwara

ਆਕਲੈਂਡ : ਪੰਜਾਬੀ ਜਿੱਥੇ ਕਿਤੇ ਵੀ ਜਾਂਦੇ ਹਨ, ਗੁਰੂਆਂ-ਪੀਰਾਂ ਤੋਂ ਮਿਲੀਆਂ ਸਿੱਖਿਆਵਾਂ ਸਦਕਾ ਉਥੇ ਨਵਾਂ ਪੰਜਾਬ ਵਸਾ ਲੈਂਦੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ ਕਈ ਵੱਡੇ ਦੇਸ਼ ਇਸ ਦੀ ਮਿਸਾਲ ਹਨ, ਪਰ ਅੱਜ ਅਸੀਂ ਤੁਹਾਨੂੰ ਅਸੀਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ ਰਹਿੰਦੇ ਪੰਜਾਬੀਆਂ ਬਾਰੇ ਦੱਸਣ ਜਾ ਰਹੇ ਹਾਂ। ਜਿੱਥੇ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਵਲੋਂ ਲਗਾਏ ਗੁਰੂ ਘਰ ਦੇ ਲੰਗਰ ਤੇ ਉੱਥੇ ਹੀ ਕੀਤੀ ਜਾਂਦੀ ਖੇਤੀ ਤੋਂ ਸਥਾਨਕ ਲੋਕ ਬੇਹੱਦ ਪ੍ਰਭਾਵਿਤ ਹੁੰਦੇ ਹਨ। ਇੱਥੇ ਦੱਖਣੀ ਔਕਲੈਂਡ ਤੋਂ 30 ਕਿਲੋਮੀਟਰ ਦੂਰ ਕਸਬੇ ਟਕਾਨਿਨੀ ਵਿਚ ਪੈਂਦਾ ਗੁਰਦੁਆਰਾ ਸਾਹਿਬ ਬੇਹੱਦ ਪ੍ਰਸਿੱਧ ਹੈ, ਜਿੱਥੇ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ ਹੈ।

ਖ਼ਾਸ ਗੱਲ ਇਹ ਹੈ ਕਿ ਲੰਗਰ ਲਈ ਵਰਤੋਂ ਵਿਚ ਆਉਣ ਵਾਲੀਆਂ ਸਬਜ਼ੀਆਂ ਤੇ ਅਨਾਜ ਗੁਰਦੁਆਰੇ ਦੇ ਖੇਤਾਂ ਵਿਚ ਹੀ ਉਗਾਇਆ ਜਾਂਦਾ ਹੈ। ਗੁਰੂ ਘਰ ਦੇ ਲਾਂਗਰੀ ਸ਼ੇਰ ਸਿੰਘ ਦਾ ਕਹਿਣੈ ਕਿ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਤਿੰਨ ਸਮੇਂ ਭੋਜਨ ਤਿਆਰ ਹੁੰਦਾ ਹੈ ਤੇ ਲੰਗਰ ਤਿਆਰ ਕਰਨ ਤੋਂ ਲੈ ਕੇ ਸਾਫ਼-ਸਫ਼ਾਈ ਤਕ ਹਰ ਕੰਮ ਵਾਲੰਟੀਅਰਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ। ਹਰ ਰੋਜ਼ ਸਵੇਰੇ ਚਾਰ ਵਜੇ ਤੋਂ ਔਰਤਾਂ ਅ ਤੇ ਮਰਦ ਗੁਰੂ ਘਰ ਦੀ ਰਸੋਈ ਵਿਚ ਆਉਂਦੇ ਹਨ ਤੇ ਪ੍ਰਸਾਦਿਆਂ ਤੇ ਲੰਗਰ ਪਾਣੀ ਦੀ ਸੇਵਾ ਕਰਦੇ ਹਨ। 

ਇੰਨਾ ਹੀ ਨਹੀਂ ਗੁਰਦੁਆਰੇ ਦੇ ਖੇਤਾਂ ਵਿਚ 11 ਏਕੜ ਵਿਚ ਫੈਲਿਆ ਵੱਖਰਾ ਬਾਗ਼ ਵੀ ਹੈ, ਜਿਸ ਵਿਚ 500 ਫਲਾਂ ਤੇ ਮੇਵਿਆਂ ਦੇ ਦਰੱਖ਼ਤ ਲੱਗੇ ਹੋਏ ਹਨ। ਖੇਤਾਂ ਤੋਂ ਸਾਰੀ ਪੈਦਵਾਰ ਦਾ ਧਿਆਨ ਰੱਖਣ ਲਈ ਸੀਨੀਅਰ ਸੁਪਰਵਾਈਜ਼ਰ ਅਤੇ ਉਨ੍ਹਾਂ ਦੇ ਸਹਾਇਕ ਹਾਜ਼ਰ ਰਹਿੰਦੇ ਹਨ। ਹਰ ਧਰਮ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਤਿਆਰ ਲੰਗਰ ਸਿੱਖੀ ਸਿਧਾਤਾਂ ਦੇ ਮੁਤਾਬਕ ਬਿਨਾਂ ਕਿਸੇ ਭੇਦਭਾਵ ਦੇ ਪ੍ਰੇਮ ਭਾਵ ਨਾਲ ਛਕਾਇਆ ਜਾਂਦਾ ਹੈ। ਸਥਾਨਕ ਲੋਕ ਅਕਸਰ ਗੁਰਦੁਆਰਾ ਸਾਹਿਬ ਟਕਾਨਿਨੀ ਵਿਖੇ ਚੱਲ ਰਹੇ ਇਸ ਵਰਤਾਰੇ ਨੂੰ ਦੇਖ ਹੈਰਾਨੀ ਵਿਚ ਆ ਜਾਂਦੇ ਹਨ ਪਰ ਸਿੱਖਾਂ ਨੂੰ ਇਹ ਸੇਵਾ ਕਰਕੇ ਵੱਖਰਾ ਸਕੂਨ ਹਾਸਲ ਹੁੰਦਾ ਹੈ।