ਜਾਪਾਨ ਦੇ ਨਵੇਂ ਸਮਰਾਟ ਨਾਰੂਹੀਤੋ ਨੇ ਦਿਤਾ ਅਪਣਾ ਪਹਿਲਾ ਸੰਬੋਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸ਼ਾਂਤੀ ਤੇ ਜਨਤਾ ਨਾਲ ਖੜ੍ਹੇ ਰਹਿਣ ਦਾ ਲਿਆ ਸੰਕਲਪ 

Emperor Naruhito makes his first speech at the Imperial Palace in Tokyo

ਟੋਕੀਓ : ਜਾਪਾਨ ਦੇ ਨਵੇਂ ਸਮਰਾਟ ਨਾਰੂਹੀਤੋ ਨੇ ਅਪਣੇ ਪਹਿਲੇ ਸੰਬੋਧਨ ਵਿਚ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਦੇ ਨਾਲ ਹੀ ਜਨਤਾ ਨੂੰ ਭਰੋਸਾ ਦਵਾਇਆ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹਿਣਗੇ। ਨਾਰੂਹੀਤੋ ਨੇ ਸਹੁੰ ਚੁੱਕੀ,''ਸੰਵਿਧਾਨ ਮੁਤਾਬਕ ਕੰਮ ਕਰਾਂਗਾ, ਮੇਰੇ ਵਿਚਾਰ ਹਮੇਸ਼ਾ ਮੇਰੇ ਲੋਕਾਂ ਲਈ ਹੋਣਗੇ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਰਹਾਂਗਾ।'' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮਾਂ ਵਿਚ ਉਨ੍ਹਾਂ ਦੇ ਪਿਤਾ ਅਕੀਹੀਤੋ ਦੀ ਝਲਕ ਦਿਖਾਈ ਦਵੇਗੀ। ਅਕੀਹੀਤੋ ਨੂੰ ਵਿਸ਼ਵ ਦੇ ਪੁਰਾਣੇ ਸਾਮਰਾਜ ਨੂੰ ਜਨਤਾ ਦੇ ਨੇੜੇ ਲਿਆਉਣ ਵਾਲਾ ਮੰਨਿਆ ਜਾਂਦਾ ਹੈ।

ਗੌਰਤਲਬ ਹੈ ਕਿ ਯੁਵਰਾਜ ਨਾਰੂਹੀਤੋ ਨੂੰ ਮੱਧ ਰਾਤ ਦੇ ਦੌਰਾਨ ਅਧਿਕਾਰਕ ਰੂਪ ਨਾਲ ਨਵਾਂ ਸਮਰਾਟ ਬਣਾਇਆ ਗਿਆ। ਉਹ ਦੇਸ਼ ਦੇ 126ਵੇਂ ਸਮਰਾਟ ਹਨ। ਨਾਰੂਹੀਤੋ ਅਪਣੇ ਪਿਤਾ ਅਕੀਹੀਤੋ ਦੇ ਅਹੁਦਾ ਛੱਡਣ ਦੇ ਬਾਅਦ ਸਮਰਾਟ ਬਣੇ ਹਨ। ਜਾਪਾਨ ਦੇ ਇਤਿਹਾਸ ਵਿਚ 200 ਸਾਲ ਤੋਂ ਵੱਧ ਸਮੇਂ ਦੇ ਬਾਅਦ ਕਿਸੇ ਸਮਰਾਟ ਨੇ ਅਹੁਦਾ ਛੱਡਿਆ। 59 ਸਾਲਾ ਨਾਰੂਹੀਤੋ ਨੇ ਬੁਧਵਾਰ ਨੂੰ ਸਵੇਰੇ ਇਕ ਸਮਾਰੋਹ ਵਿਚ ਰਸਮੀ ਰੂਪ ਨਾਲ 'ਕ੍ਰਿਸੇਂਥਮਮ ਥ੍ਰੋਨ (ਰਾਜਗੱਦੀ) ਸਵੀਕਾਰ ਕੀਤੀ। ਇਸ ਦੇ ਨਾਲ ਹੀ ਜਾਪਾਨੀ ਰਾਜਸ਼ਾਹੀ ਦਾ ਨਵਾਂ ਯੁੱਗ 'ਰੇਇਵਾ' (ਸੁੰਦਰ ਸਾਫਦਿਲੀ) ਸ਼ੁਰੂ ਹੋ ਗਿਆ। ਇਮਪੀਰੀਅਲ ਪੈਲੇਸ ਵਿਚ ਹੋਏ ਸਮਾਗਮ ਦੌਰਾਨ ਨਾਰੂਹੀਤੋ ਨੂੰ ਸ਼ਾਹੀ ਤਲਵਾਰ, ਸ਼ਾਹੀ ਗਹਿਣੇ, ਰਾਜ ਦੀ ਮੋਹਰ ਅਤੇ ਨਿੱਜੀ ਮੋਹਰ ਸੌਂਪੀ ਗਈ।

ਇਸ ਸਮਾਰੋਹ ਦੌਰਾਨ ਨਿਯਮ ਮੁਤਾਬਕ ਸ਼ਾਹੀ ਪਰਵਾਰ ਦੀ ਕੋਈ ਮਹਿਲਾ ਮੈਂਬਰ ਮੌਜੂਦ ਨਹੀਂ ਸੀ ਇਥੋਂ ਤੱਕ ਕਿ ਇਸ ਵਿਚ ਮਹਾਰਾਣੀ ਮਸਾਕੋ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਪੂਰੇ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਮੰਤਰੀ ਮੰਡਲ ਦੀ ਇਕੋਇਕ ਮਹਿਲਾ ਮੈਂਬਰ ਮੌਜੂਦ ਸੀ। ਨਾਰੂਹੀਤੋ ਸਨਿਚਰਵਾਰ ਨੂੰ ਦੁਬਾਰਾ ਦੇਸ਼ ਨੂੰ ਸੰਬੋਧਿਤ ਕਰਨਗੇ। ਸਮਰਾਟ ਨਾਰੂਹੀਤੋ ਅਤੇ ਮਹਾਰਾਣੀ ਮਸਾਕੋ 22 ਅਕਤੂਬਰ ਨੂੰ ਰਵਾਇਤੀ ਸ਼ਾਹੀ ਪੁਸ਼ਾਕ ਵਿਚ ਰਾਜਧਾਨੀ ਦਾ ਦੌਰਾ ਕਰਨਗੇ ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੇਤਾ ਅਤੇ ਹੋਰ ਸ਼ਾਹੀ ਪਰਵਾਰ ਉਨ੍ਹਾਂ ਨੂੰ ਵਧਾਈ ਦੇਣਗੇ।

ਦੋਵੇਂ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹੇ ਹਨ। ਜਾਪਾਨ ਵਿਚ ਔਰਤਾਂ ਨੂੰ ਰਾਜਗੱਦੀ ਨਹੀਂ ਮਿਲਦੀ। ਅਜਿਹੇ ਵਿਚ ਸਮਰਾਟ ਨਾਰੂਹੀਤੋ ਦੀ ਬੇਟੀ ਰਾਜਕੁਮਾਰੀ ਅਕਿਓ (17) ਦੇਸ਼ ਦੀ ਅਗਲੀ ਸ਼ਾਸਕ ਨਹੀਂ ਹੋਵੇਗੀ। ਸਮਰਾਟ ਦੇ ਬਾਅਦ ਸੱਤਾ ਦੀ ਬਾਗਡੋਰ ਉਨ੍ਹਾਂ ਦੇ ਭਤੀਜਿਆਂ ਕੋਲ ਹੋਵੇਗੀ। ਅਪਣੇ ਆਖ਼ਰੀ ਭਾਸ਼ਣ ਵਿਚ ਨਾਰੂਹੀਤੋ ਨੇ ਲੋਕਾਂ ਦਿਲੋਂ ਧੰਨਵਾਦ ਕੀਤਾ।