ਟਰੰਪ ਨੇ ਵਿਸ਼ਵ ਵਪਾਰ ਸੰਗਠਨ ਨੂੰ ਦਿਤੀ ਸਖ਼ਤ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸੰਸਥਾ ਨੂੰ ਲੈ ਕੇ ਇਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਅਪਣੇ ਤਾਜ਼ਾ ਬਿਆਨ ਵਿਚ ਆਖਿਆ...

Donald Trump

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸੰਸਥਾ ਨੂੰ ਲੈ ਕੇ ਇਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਅਪਣੇ ਤਾਜ਼ਾ ਬਿਆਨ ਵਿਚ ਆਖਿਆ ਹੈ ਕਿ ਜੇਕਰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਖ਼ੁਦ ਨੂੰ ਦਰੁਸਤ ਨਹੀਂ ਕਰਦਾ ਤਾਂ ਅਮਰੀਕਾ ਉਸ ਤੋਂ ਅਲੱਗ ਹੋ ਜਾਵੇਗਾ। ਉਨ੍ਹਾਂ ਖ਼ਬਰ ਏਜੰਸੀ ਨੂੰ ਦਿਤੀ ਇੰਟਰਵਿਊ ਵਿਚ ਇਹ ਗੱਲ ਕਹੀ।

ਜ਼ਿਕਰਯੋਗ ਹੈ ਕਿ ਡਬਲਿਊਟੀਓ ਉਨ੍ਹਾਂ ਸੰਸਥਾਵਾਂ ਵਿਚ ਇਕ ਹੈ, ਜਿਸ ਦਾ ਗਠਨ ਵਿਸ਼ਵ ਵਿਵਸਥਾ ਬਣਾਈ ਰੱਖਣ ਕੀਤਾ ਗਿਆ ਹੈ ਅਤੇ ਇਸ ਨੂੰ ਗਠਿਤ ਕਰਨ ਵਿਚ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਸਮਾਚਾਰ ਏਜੰਸੀ ਨੂੰ ਆਖਿਆ ਕਿ ਜੇਕਰ ਉਹ ਖ਼ੁਦ ਨੂੰ ਦਰੁਸਤ ਨਹੀਂ ਕਰਦੇ ਤਾਂ ਮੈਂ ਡਬਲਿਊਟੀਓ ਤੋਂ ਹਟ ਜਾਵਾਂਗਾ। ਉਨ੍ਹਾਂ ਇਸ ਸੰਗਠਨ ਨੂੰ ਗਠਿਤ ਕਰਨ ਦੇ ਲਈ ਹੋਏ ਸਮਝੌਤੇ ਨੂੰ ਹੁਣ ਤਕ ਦਾ ਸਭ ਤੋਂ ਖ਼ਰਾਬ ਵਪਾਰ ਸਮਝੌਤਾ ਕਰਾਰ ਦਿਤਾ।

ਇਸ ਤੋਂ ਪਹਿਲਾਂ ਡਬਲਿਊਟੀਓ ਦੀ ਵਿਵਾਦ ਨਿਵਾਰਣ ਪ੍ਰਣਾਲੀ ਦੀ ਆਲੋਚਨਾ ਕਰ ਚੁੱਕੇ ਟਰੰਪ ਨੇ ਆਖਿਆ ਕਿ ਅਮਰੀਕਾ ਨੇ ਸ਼ਾਇਦ ਹੀ ਉਥੇ ਕਦੇ ਕੋਈ ਮੁਕੱਦਮਾ ਜਿੱਤਿਆ ਹੋਵੇ। ਹਾਲਾਂਕਿ ਚੀਜ਼ਾਂ ਪਿਛਲੇ ਸਾਲ ਤੋਂ ਬਦਲਣੀਆਂ ਸ਼ੁਰੂ ਹੋਈਆਂ ਹਨ।ਉਨਾਂ ਕਿਹਾ ਕਿ ਪਿਛਲੇ ਸਾਲ ਅਸੀਂ ਜਿੱਤਣਾ ਸ਼ੁਰੂ ਕੀਤਾ। ਟਰੰਪ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿਉਂ? ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਨਹੀਂ ਜਿੱਤਦੇ ਤਾਂ ਅਸੀਂ ਉਥੋਂ ਬਾਹਰ ਨਿਕਲ ਜਾਵਾਂਗੇ।

ਦਸ ਦਈਏ ਕਿ ਜਦੋਂ ਤੋਂ ਅਮਰੀਕਾ ਦੀ ਸੱਤਾ ਡੋਨਾਲਡ ਟਰੰਪ ਦੇ ਹੱਥਾਂ ਵਿਚ ਆਈ ਹੈ, ਉਦੋਂ ਤੋਂ ਉਨ੍ਹਾਂ ਨੇ ਕਾਫ਼ੀ ਸਖ਼ਤ ਨੀਤੀਆਂ ਅਪਣਾਈਆਂ ਹੋਈਆਂ ਹਨ। ਅਸਲ ਵਿਚ ਟਰੰਪ ਅਮਰੀਕੀਆਂ ਦੇ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਚੋਣਾਂ ਦੌਰਾਨ ਵੀ ਉਨ੍ਹਾਂ ਦਾ ਇਹੋ ਏਜੰਡਾ ਸੀ। ਸ਼ਰਨਾਰਥੀਆਂ ਨੂੰ ਲੈ ਕੇ ਵੀ ਟਰੰਪ ਦੀ ਨੀਤੀ ਕਾਫ਼ੀ ਸਖ਼ਤ ਹੈ। ਪਿਛਲੇ ਦਿਨੀਂ ਟਰੰਪ ਵਲੋਂ ਇਸ ਵਿਚ ਹੋਰ ਜ਼ਿਆਦਾ ਸਖ਼ਤੀ ਕੀਤੀ ਗਈ ਸੀ, ਜਿਸ ਦੀ ਕਾਫ਼ੀ ਆਲੋਚਨਾ ਹੋਈ ਸੀ। ਵਿਰੋਧੀ ਭਾਵੇਂ ਜੋ ਮਰਜ਼ੀ ਆਖੀ ਜਾਣ, ਜਿੰਨੀ ਚਾਹੇ ਆਲੋਚਨਾ ਕਰੀ ਜਾਣ, ਟਰੰਪ ਅਪਣੀਆਂ ਨੀਤੀਆਂ ਨੂੰ ਲੈ ਕੇ ਬਿਲਕੁਲ ਵੀ ਨਰਮ ਹੁੰਦੇ ਦਿਖਾਈ ਨਹੀਂ ਦੇ ਰਹੇ।