ਬ੍ਰੈਗਜ਼ਿਟ ਯੋਜਨਾ 'ਤੇ ਬ੍ਰਿਟੇਨ ਸਮਝੌਤਾ ਨਹੀਂ ਕਰੇਗਾ : ਮੇਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਲਈ ਬ੍ਰਸੇਲਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ.............

Theresa May British Prime Minister

ਲੰਡਨ  : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਲਈ ਬ੍ਰਸੇਲਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਥੈਰੇਸਾ ਮੇਅ ਨੇ ਅੱਗੇ ਕਿਹਾ ਕਿ ਮੈਨੂੰ ਉਨ੍ਹਾਂ ਪ੍ਰਸਤਾਵਾਂ 'ਤੇ ਸਮਝੌਤਾ ਮਨਜ਼ੂਰ ਕਰਨ ਲਈ ਪ੍ਰੇਰਿਤ ਨਾ ਕੀਤਾ ਜਾਵੇ, ਜੋ ਸਾਡੇ ਰਾਸ਼ਟਰੀ ਹਿੱਤ 'ਚ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਮਹੀਨੇ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਹੋਣਗੇ ਅਤੇ ਮੈਂ ਆਪਣੇ ਮਿਸ਼ਨ ਬਾਰੇ ਸਪੱਸ਼ਟ ਹਾਂ। 

ਮੀਡੀਆ ਰੀਪੋਰਟਾਂ ਮੁਤਾਬਕ ਥੈਰੇਸਾ ਮੇਅ ਦੀ ਪਾਰਟੀ ਵਿਚ ਉਨ੍ਹਾਂ ਦੇ ਵਿਰੋਧੀ ਸਤੰਬਰ ਦੇ ਅਖੀਰ ਵਿਚ ਸ਼ੁਰੂ ਹੋਣ ਵਾਲੇ ਪਾਰਟੀ ਦੇ ਸਾਲਾਨਾ ਸੰਮੇਲਨ ਤੋਂ ਪਹਿਲਾਂ ਬ੍ਰੈਗਜ਼ਿਟ ਲਈ ਆਪਣੀ ਯੋਜਨਾ ਪ੍ਰਕਾਸ਼ਤ ਕਰਨ ਲਈ ਤਿਆਰ ਹਨ।  ਯੂਰਪੀ ਸੰਘ ਨੇ ਸਰਹੱਦ ਪਾਰ ਵਪਾਰ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਯੋਜਨਾ ਦਾ ਅਸਥਾਈ ਤੌਰ 'ਤੇ ਸਵਾਗਤ ਕੀਤਾ ਹੈ।

ਇਹ ਯੋਜਨਾ ਯੂਰਪੀ ਸੰਘ ਨਾਲ ਉਦਯੋਗਿਕ ਅਤੇ ਖੇਤੀਬਾੜੀ ਲਈ ਬ੍ਰਿਟੇਨ ਨੂੰ ਇਕ ਮੁਕਤ ਵਪਾਰ ਖੇਤਰ ਵਿਚ ਰੱਖੇਗੀ ਪਰ ਕੁਝ ਬ੍ਰੈਗਜ਼ਿਟ ਸਮਰਥਕਾਂ ਨੇ ਕਿਹਾ ਹੈ ਕਿ ਇਸ ਦਾ ਮਤਲਬ ਹੋਵੇਗਾ ਕਿ ਬ੍ਰਿਟਿਸ਼ ਅਰਥਵਿਵਸਥਾ ਦੇ ਕੁਝ ਹਿੱਸੇ ਬ੍ਰਸੇਲਸ ਵਿਚ ਤੈਅ ਨਿਯਮਾਂ ਦੇ ਅਧੀਨ ਹੋਣਗੇ। ਬ੍ਰੈਗਜ਼ਿਟ ਦੇ ਮੁੱਦੇ 'ਤੇ ਥੈਰੇਸਾ ਮੇਅ ਦੇ ਸਭ ਤੋਂ ਸੀਨੀਅਰ ਸੰਸਦ ਮੈਂਬਰਾਂ 'ਚੋਂ ਦੋ ਵਿਦੇਸ਼ ਮੰਤਰੀ ਬੋਰਿਸ ਜਾਨਸਨ ਅਤੇ ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ ਨੇ ਮੇਅ ਦੀ ਯੋਜਨਾ ਦੇ ਵਿਰੋਧ ਵਿਚ ਜੁਲਾਈ ਮਹੀਨੇ ਵਿਚ ਅਪਣੇ-ਅਪਣੇ ਅਹੁਦੇ ਤੋਂ ਅਸਤੀਫ਼ਾ ਇਹ ਕਹਿੰਦੇ ਹੋਏ ਦੇ ਦਿਤਾ

ਕਿ ਉਹ ਸਾਲ 2016 ਦੀ ਰਾਇਸ਼ੁਮਾਰੀ 'ਚ ਯੂਰਪੀ ਸੰਘ ਨੂੰ ਛੱਡਣ ਲਈ ਵੋਟਿੰਗ ਕਰਨ ਵਾਲੇ ਲੱਖਾਂ ਲੋਕਾਂ ਦੇ ਪੱਖ ਵਿਚ ਨਹੀਂ ਹਨ। ਇਹ ਅਸਤੀਫ਼ੇ ਪਾਰਟੀ ਨੂੰ ਇਕਜੁੱਟ ਕਰਨ ਦੇ ਥੈਰੇਸਾ ਮੇਅ ਦੀਆਂ ਕੋਸ਼ਿਸ਼ਾਂ ਨੂੰ ਵੀ ਵੱਡੇ ਝਟਕੇ ਸਨ। ਅਪਣੀ ਪਾਰਟੀ ਦੇ ਨਾਲ-ਨਾਲ ਬ੍ਰੈਗਜ਼ਿਟ ਦੇ ਮੁੱਦੇ 'ਤੇ ਦੇਸ਼ ਵਿਚ ਵਿਰੋਧ ਦਾ ਸਾਹਮਣਾ ਕਰ ਰਹੀ ਮੇਅ ਨੇ ਦੋਹਰਾਇਆ ਕਿ ਜੇਕਰ ਦੋਵੇਂ ਪੱਖ ਅਲਗਾਵ ਦੇ ਨਿਯਮਾਂ 'ਤੇ ਸਹਿਮਤ ਨਹੀਂ ਹੁੰਦੇ ਤਾਂ ਬ੍ਰਿਟੇਨ ਯੂਰਪੀ ਸੰਘ ਨੂੰ ਕਿਸੇ ਸੌਦੇ ਦੇ ਬਿਨਾਂ ਛੱਡਣ ਲਈ ਤਿਆਰ ਹੋਵੇਗਾ।  (ਏਜੰਸੀ)

Related Stories