ਅਮਰੀਕਾ ਦੇ ਵਾਲਮਾਰਟ ਸਟੋਰ 'ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 20 ਮੌਤਾਂ
ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਅਲ ਪਾਸੋ ਵਿਚ ਖਚਾਖਚ ਭਰੇ ਇੱਕ ਵਾਲਮਾਰਟ ਸਟੋਰ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਇਕ ਸਿਰ–ਫਿਰੇ ਵਿਅਕਤੀ ਨੇ 20 ਲੋਕਾਂ ਦੀ ਜਾਨ ਲੈ ਲਈ।
ਅਲ ਪਾਸੋ: ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਅਲ ਪਾਸੋ ਵਿਚ ਖਚਾਖਚ ਭਰੇ ਇੱਕ ਵਾਲਮਾਰਟ ਸਟੋਰ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਇਕ ਸਿਰ–ਫਿਰੇ ਵਿਅਕਤੀ ਨੇ 20 ਲੋਕਾਂ ਦੀ ਜਾਨ ਲੈ ਲਈ ਜਦਕਿ 40 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਵਿਚੋਂ ਕੁੱਝ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਹੈ।
ਘਟਨਾ ਤੋਂ ਬਾਅਦ ਭਾਵੇਂ ਗੋਲੀਬਾਰੀ ਨੂੰ ਅੰਜ਼ਾਮ ਦੇਣ ਵਾਲੇ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਅਜੇ ਵੀ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਮਲਾਵਰ ਵਿਅਕਤੀ ਕੋਲੋਂ ਇੱਕ ਲਿਖਤੀ ਮੈਨੀਫ਼ੈਸਟੋ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਦੀਆਂ ਕੁਝ ਮੰਗਾਂ ਜਾਂ ਉਸ ਦੀ ਨਿਰਾਸ਼ਾ ਦੇ ਕੁਝ ਕਾਰਨ ਲਿਖੇ ਹੋ ਸਕਦੇ ਹਨ। ਫਿਲਹਾਲ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੌਰਾਨ ਕੈਮਰਾ ਫ਼ੋਨਾਂ ਰਾਹੀਂ ਸ਼ੂਟ ਕੀਤੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ–ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵੀਡੀਓ ਵਿਚ ਘਟਨਾ ਦੌਰਾਨ ਆਮ ਲੋਕ ਖ਼ੌਫ਼ਜ਼ਦਾ ਹੋ ਕੇ ਵਾਲਮਾਰਟ ਮਾਲ ਵਿਚੋਂ ਬਾਹਰ ਆਉਂਦੇ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਅਮਰੀਕਾ ਵਿਚ ਇੰਝ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈਣ ਦਾ ਮੰਦਭਾਗਾ ਸਿਲਸਿਲਾ ਇੱਕ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ। ਇੰਨੀ ਵੱਡੀ ਗਿਣਤੀ ਵਿਚ ਅਜਿਹੀਆਂ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਅਮਰੀਕਾ ਤੋਂ ਇਲਾਵਾ ਦੁਨੀਆ ਦੇ ਹੋਰ ਕਿਸੇ ਕੋਨੇ ਵਿੱਚ ਨਹੀਂ ਵਾਪਰਦੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਇਸ ਭਿਆਨਕ ਗੋਲੀਬਾਰੀ 'ਤੇ ਦੁੱਖ ਪ੍ਰਗਟਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।