ਕੰਟਰੋਲ ਰੇਖਾ 'ਤੇ ਪਾਕਿਸਤਾਨ ਵਲੋਂ ਗੋਲੀਬਾਰੀ, ਭਾਰਤੀ ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਕਾਬਲੇ ਵਿਚ ਜੈਸ਼ ਦੇ ਦੋ ਅਤਿਵਾਦੀ ਹਲਾਕ

Soldier killed in ceasefire violation along LOC in Rajouri

ਰਾਜੌਰੀ : ਪਾਕਿਸਤਾਨੀ ਫ਼ੌਜੀਆਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਲਗਾਤਾਰ ਤੀਜੇ ਦਿਨ ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਅਤੇ ਗੋਲੇ ਸੁੱਟੇ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਵਾਨਾਂ ਨੇ ਮੂੰਹਤੋੜ ਜਵਾਬ ਦਿਤਾ ਜਿਸ ਨਾਲ ਪਾਕਿਸਤਾਨ ਫ਼ੌਜ ਦੀਆਂ ਚੌਕੀਆਂ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਉਸ ਦੇ ਫ਼ੌਜੀ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਗੋਲੀਬਾਰੀ ਵਿਚ ਨਾਇਕ 34 ਸਾਲਾ ਕ੍ਰਿਸ਼ਨ ਲਾਲ ਸ਼ਹੀਦ ਹੋ ਗਿਆ। ਫ਼ੌਜ ਦੇ ਜਨਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, 'ਪਾਕਿਸਤਾਨੀ ਫ਼ੌਜ ਨੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਬਿਨਾਂ ਉਕਸਾਵੇ ਗੋਲੀਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਇਸ ਦਾ ਕਰਾਰਾ ਜਵਾਬ ਦਿਤਾ। 

ਅਧਿਕਾਰੀ ਨੇ ਕਿਹਾ, 'ਸਾਡੇ ਜਵਾਨਾਂ ਨੇ ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਪਾਕਿਸਤਾਨੀ ਫ਼ੌਜੀ ਜ਼ਖ਼ਮੀ ਹੋਏ।' ਆਨੰਦ ਨੇ ਲਾਲ ਨੂੰ ਬਹਾਦਰ ਅਤੇ ਈਮਾਨਦਾਰ ਫ਼ੌਜੀ ਦਸਿਆ। ਪੀਆਰਓ ਨੇ ਕਿਹਾ ਕਿ ਦੇਸ਼ ਉਨ੍ਹਾਂ ਦੀ ਕੁਰਬਾਨੀ ਅਤੇ ਫ਼ਰਜ਼ ਪ੍ਰਤੀ ਹਮੇਸ਼ਾ ਧਨਵਾਦੀ ਰਹੇਗਾ। ਉਹ ਅਖਨੂਰ ਜ਼ਿਲ੍ਹੇ ਦੇ ਘਗਰਿਆਲ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਵਾਰ ਵਿਚ ਪਤਨੀ ਸ਼ਸ਼ੀ ਦੇਵੀ ਹੈ। ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਉੱਤਰੀ ਕਸ਼ਮੀਰ ਦੇ ਤੰਗਹਾਰ ਖੇਤਰ ਵਿਚ ਕੰਟਰੋਲ ਰੇਖਾ 'ਤੇ ਪੈਂਦੇ ਇਲਾਕਿਆਂ ਅਤੇ ਪਿੰਡਾਂ ਵਿਚ ਵੀ ਗੋਲੀਬਾਰੀ ਕੀਤੀ।

ਤਿੰਨ ਦਿਨਾਂ ਵਿਚ ਇਹ ਤੀਜੀ ਉਲੰਘਣਾ ਹੈ। ਇਸੇ ਦੌਰਾਨ ਅਨੰਨਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਆਪੇ ਬਣੇ ਕਮਾਂਡਰ ਸਮੇਤ ਦੋ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਕਾਬਲੇ ਵਿਚ ਫ਼ੈਆਜ਼ ਪੰਜੂ ਅਪਣੇ ਸਾਥੀ ਨਾਲ ਮਾਰਿਆ ਗਿਆ। ਉਹ 12 ਜੂਨ ਨੂੰ ਅਨੰਤਨਾਗ ਵਿਚ ਸੀਆਰਪੀਐਫ਼ ਮੁਲਾਜ਼ਮਾਂ 'ਤੇ ਹੋਏ ਹਮਲੇ ਵਿਚ ਸ਼ਾਮਲ ਸੀ ਜਿਸ ਵਿਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਮਾਰੇ ਗਏ ਦੂਜੇ ਅਤਿਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ।