ਖ਼ਤਰਨਾਕ ਅਤਿਵਾਦੀ ਸੰਗਠਨ ਹੱਕਾਨੀ ਨੈੱਟਵਰਕ ਦੇ ਨੇਤਾ ਦੀ ਜਲਾਲੂਦੀਨ ਹੱਕਾਨੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਜਲਾਲੂਦੀਨ ਹੱਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ...

Jalaluddin Haqqani

ਕਾਬੁਲ : ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਜਲਾਲੂਦੀਨ ਹੱਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਦਸ ਦਈਏ ਕਿ ਜਲਾਲੂਦੀਨ ਕਾਫ਼ੀ ਲੰਬਾ ਸਮੇਂ ਤੋਂ ਅਤਿਵਾਦੀ ਗਰੁੱਪ ਹੱਕਾਨੀ ਨੈੱਟਵਰਕ ਦਾ ਚੀਫ਼ ਰਿਹਾ ਹੈ ਪਰ ਹੁਣ ਉਸ ਦੀ ਮੌਤ ਹੋ ਗਈ ਹੈ। ਇਸ ਦਾ ਐੈਲਾਨ ਹੱਕਾਨੀ ਨੈੱਟਵਰਕ ਦੇ ਸਾਥੀ ਸੰਗਠਨ ਅਫ਼ਗਾਨ ਤਾਲਿਬਾਨ ਵਲੋਂ ਮੰਗਲਵਾਰ ਨੂੰ ਕੀਤਾ ਗਿਆ। 

ਤਾਲਿਬਾਨ ਨੇ ਅਪਣੇ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਜਲਾਲੁਦੀਨ ਹੱਕਾਨੀ ਦਾ ਮੁੰਡਾ ਸਿਰਾਜੂਦੀਨ ਹੱਕਾਨੀ ਹੁਣ ਇਸ ਅਤਿਵਾਦੀ ਸੰਗਠਨ ਦਾ ਪ੍ਰਧਾਨ ਹੋਵੇਗਾ ਅਤੇ ਉਹ ਤਾਲਿਬਾਨ ਦਾ ਪਹਿਲਾਂ ਹੀ ਉਪ ਪ੍ਰਧਾਨ ਵੀ ਹੈ ਅਤੇ ਇਸ ਸੰਗਠਨ ਵਿਚ ਕਾਫ਼ੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਤਾਲਿਬਾਨ ਨੇ ਟਵਿੱਟਰ 'ਤੇ ਅੰਗਰੇਜ਼ੀ ਵਿਚ ਜਾਰੀ ਕੀਤੇ ਆਪਣੇ ਬਿਆਨ ਵਿਚ ਕਿਹਾ ਕਿ ਜਲਾਲੂਦੀਨ ਵਰਤਮਾਨ ਦੌਰ ਦੇ ਮੁੱਖ ਜਿਹਾਦੀਆਂ ਵਿਚੋਂ ਇਕ ਸੀ।

ਉਹ ਇਕ ਅਫਗਾਨ ਮੁਜ਼ਾਹਿਦੀਨ ਕਮਾਂਡਰ ਵੀ ਰਿਹਾ ਸੀ, ਜਿਸ ਨੇ 1980 ਦੇ ਦਹਾਕੇ ਵਿਚ ਅਮਰੀਕਾ ਅਤੇ ਪਾਕਿਸਤਾਨ ਦੀ ਮਦਦ ਨਾਲ ਅਫ਼ਗਾਨਿਸਤਾਨ ਵਿਚ ਸੋਵੀਅਤ ਸਮੂਹ ਦੇ ਕਬਜ਼ੇ ਵਿਰੁਧ ਜੰਗ ਲੜੀ। ਜ਼ਿਕਰਯੋਗ ਹੈ ਕਿ ਜਲਾਲੂਦੀਨ ਅਰਬੀ ਭਾਸ਼ਾ ਦਾ ਚੰਗਾ ਮਾਹਰ ਸੀ। ਉਸਦੇ ਓਸਾਮਾ ਬਿਨ ਲਾਦੇਨ ਸਮੇਤ ਅਰਬ ਜਿਹਾਦੀਆਂ ਨਾਲ ਨੇੜਲੇ ਸਬੰਧ ਰਹੇ। ਹਾਲੇ ਤਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਸ ਦੀ ਮੌਤ ਕਦੋਂ ਅਤੇ ਕਿੱਥੇ ਹੋਈ ਹੈ।

ਲੰਘੇ ਸਾਲਾਂ ਵਿਚ ਕਈ ਵਾਰ ਉਸ ਦੀ ਮੌਤ ਨੂੰ ਲੈ ਕੇ ਅਫਵਾਹਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਦਸ ਦਈਏ ਕਿ ਇਹ ਅਤਿਵਾਦੀ ਸੰਗਠਨ ਪਾਕਿਸਤਾਨ, ਅਫਗਾਨਿਸਤਾਨ ਵਿਚ ਕਈ ਅਤਿਵਾਦੀ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ।