ਜਾਪਾਨ 'ਚ 'ਜੇਬੀ' ਤੂਫ਼ਾਨ ਦੀ ਦਸਤਕ, 600 ਤੋਂ ਜ਼ਿਆਦਾ ਉਡਾਨਾਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਵਿਚ ਪੱਛਮੀ ਅਤੇ ਪੂਰਬੀ ਖੇਤਰਾਂ ਵਿਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਤੋਂ ਬਾਅਦ ਹੁਣ ਸ਼ਕਤੀਸ਼ਾਲੀ ਤੂਫ਼ਾਨ...

jebi sweeping through japan as a life threatening typhoon

ਟੋਕੀਓ : ਜਾਪਾਨ ਵਿਚ ਪੱਛਮੀ ਅਤੇ ਪੂਰਬੀ ਖੇਤਰਾਂ ਵਿਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਅਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਤੋਂ ਬਾਅਦ ਹੁਣ ਸ਼ਕਤੀਸ਼ਾਲੀ ਤੂਫ਼ਾਨ 'ਜੇਬੀ' ਦੀ ਦਸਤਕ ਦੇਣ ਦੇ ਚਲਦਿਆਂ ਮੰਗਲਵਾਰ ਨੂੰ 600 ਤੋਂ ਜ਼ਿਆਦਾ ਉਡਾਨਾਂ ਨੂੰ ਰੱਦ ਕਰ ਦਿਤਾ ਗਿਆ। ਖ਼ਬਰ ਏਜੰਸੀ ਮੁਤਾਬਕ ਇਸ ਮੌਸਮ ਵਿਚ ਪ੍ਰਸ਼ਾਂਤ ਦੇ 21ਵੇਂ ਚੱਕਰਵਾਤੀ ਤੂਫ਼ਾਨ ਜੇਬੀ ਨੂੰ ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਨੇ ਬੇਹੱਦ ਸ਼ਕਤੀਸ਼ਾਲੀ ਦਸਿਆ ਹੈ।

ਆਈਏਐਨਐਸ ਅਨੁਸਾਰ ਇਸਦੇ ਚਲਦੇ ਸੰਭਾਵਿਤ ਸ਼ਕਤੀਸ਼ਾਲੀ ਲਹਿਰਾਂ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਜੇਬੀ ਤੂਫ਼ਾਨ 25 ਸਾਲਾਂ ਵਿਚ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਸਾਬਤ ਹੋ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਇਸ ਨਾਲ ਭਾਰੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।

ਜਨਤਕ ਪ੍ਰਸਾਰਕ ਐਨਐਚਕੇ ਮੁਤਾਬਕ ਉਪ ਸ਼ਹਿਰੀ ਰੇਲ ਗੱਡੀਆਂ ਅਤੇ ਹਾਈ ਸਪੀਡ ਰੇਲ ਸੇਵਾਵਾਂ ਜਿਵੇਂ ਕਿ ਓਸਾਕਾ-ਹਿਰੋਸੀਮਾ ਮਾਰਗ 'ਤੇ ਸੰਚਾਲਿਤ ਹੋਣ ਵਾਲੀ ਰੇਲ ਸੇਵਾਵਾਂ ਨੂੰ ਅਣਮਿੱਥੇ ਸਮੇਂ ਤਕ ਬੰਦ ਕਰ ਦਿਤਾ ਗਿਆ ਹੈ ਤਾਂ ਜੋ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। 

ਕੁੱਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿਤੀ ਹੈ। ਪ੍ਰਭਾਵਿਤ ਖੇਤਰਾਂ ਵਿਚ ਸਕੂਲਾਂ ਨੂੰ ਵੀ ਅਣਮਿਥੇ ਸਮੇਂ ਤਕ ਬੰਦ ਕਰ ਦਿਤਾ ਗਿਆ ਹੈ। ਯੂਨੀਵਰਸਲ ਸਟੂਡੀਓਜ਼ ਓਸਾਕਾ ਨੇ ਵੀ ਆਪਣੀ ਸੇਵਾਵਾਂ ਨੂੰ ਬੰਦ ਕਰ ਦਿਤਾ ਹੈ। ਇਸ ਗਰਮੀ ਦੇ ਮੌਸਮ ਵਿਚ ਹੁਣ ਤਕ ਕਈ ਤੂਫ਼ਾਨਾਂ ਅਤੇ ਮੋਹਲੇਧਾਰ ਮੀਂਹ ਕਾਰਨ ਜਾਪਾਨ ਵਿਚ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦਸ ਦਈਏ ਕਿ ਜੇਬੀ ਤੂਫ਼ਾਨ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਜਾਪਾਨ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਵਲੋਂ ਵੀ ਅਪਣੇ ਪੱਧਰ 'ਤੇ ਤੂਫ਼ਾਨ ਦੇ ਕਹਿਰ ਤੋਂ ਬਚਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਵੀ ਅਗਾਮੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਤੂਫ਼ਾਨ ਸਬੰਧੀ ਅਗਾਊਂ ਸੂਚਨਾਵਾਂ ਦਿਤੀਆਂ ਜਾ ਰਹੀਆਂ ਹਨ।