ਜਾਪਾਨ 'ਚ ਭਿਆਨਕ ਗਰਮੀ ਕਾਰਨ 26 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੜ੍ਹ ਤੋਂ ਬਾਅਦ ਜਾਪਾਨ ਭਿਆਨਕ ਗਰਮੀ ਦੀ ਲਪੇਟ 'ਚ ਹੈ। ਜਾਪਾਨ ਦੇ ਕੁਮਾਗਿਆ ਸ਼ਹਿਰ 'ਚ ਸੋਮਵਾਰ ਨੂੰ ਤਾਪਮਾਨ 41.1 ਡਿਗਰੀ ਸੈਲਸੀਅਸ ਰੀਕਾਰਡ ਕੀਤਾ ਗਿਆ...........

Severe Heat In Japan

ਟੋਕੀਉ : ਹੜ੍ਹ ਤੋਂ ਬਾਅਦ ਜਾਪਾਨ ਭਿਆਨਕ ਗਰਮੀ ਦੀ ਲਪੇਟ 'ਚ ਹੈ। ਜਾਪਾਨ ਦੇ ਕੁਮਾਗਿਆ ਸ਼ਹਿਰ 'ਚ ਸੋਮਵਾਰ ਨੂੰ ਤਾਪਮਾਨ 41.1 ਡਿਗਰੀ ਸੈਲਸੀਅਸ ਰੀਕਾਰਡ ਕੀਤਾ ਗਿਆ। ਇਹ ਦੇਸ਼ 'ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਇਸ ਤੋਂ ਪਹਿਲਾਂ ਅਗਸਤ 2013 ਵਿਚ ਕੋਸ਼ੀ 'ਚ 41 ਡਿਗਰੀ ਸੈਲਸੀਅਸ ਤਾਪਮਾਨ ਰੀਕਾਰਡ ਕੀਤਾ ਗਿਆ ਸੀ। ਦੇਸ਼ ਵਿਚ ਦੋ ਹਫ਼ਤੇ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਹੁਣ ਤਕ 26 ਲੋਕਾਂ ਦੀ ਜਾਨ ਜਾ ਚੁਕੀ ਹੈ। 12 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਵਧਦੇ ਤਾਪਮਾਨ ਨੂੰ ਲੈ ਕੇ ਪੂਰੇ ਦੇਸ਼ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਹਫ਼ਤੇ ਸਥਿਤੀ ਥੋੜੀ ਆਮ ਹੋ ਸਕਦੀ ਹੈ ਪਰ ਤਾਪਮਾਨ ਫਿਰ ਵੀ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਹੀ ਰਹੇਗਾ। ਜਾਪਾਨ 'ਚ ਆਮ ਤੌਰ 'ਤੇ ਠੰਢ ਵਿਚ ਤਾਪਮਾਨ ਘੱਟੋ-ਘੱਟ 5 ਡਿਗਰੀ ਅਤੇ ਗਰਮੀਆਂ 'ਚ ਜ਼ਿਆਦਾਤਰ 26 ਡਿਗਰੀ ਰਹਿੰਦਾ ਹੈ। ਰਾਜਧਾਨੀ ਟੋਕੀਉ ਦੇ ਜ਼ਿਆਦਾਤਰ ਇਲਾਕਿਆਂ 'ਚ ਸੋਮਵਾਰ ਨੂੰ ਪਾਰਾ 40 ਡਿਗਰੀ ਦੇ ਪਾਰ ਰਿਹਾ। ਦੇਸ਼ ਦੇ ਅਧਿਆਤਮਕ ਸ਼ਹਿਰ ਕਿਉਟੋ 'ਚ ਪਿਛਲੇ ਪੂਰੇ ਹਫ਼ਤੇ ਤਾਪਮਾਨ 38 ਡਿਗਰੀ ਤੋਂ ਉਪਰ ਰਿਹਾ। ਇਸ ਕਾਰਨ ਸ਼ਹਿਰ ਦੇ ਸਭ ਤੋਂ ਵੱਡੇ ਸੈਰ-ਸਪਾਟਾ ਸਮਾਰੋਹ ਪਰੇਡ ਫਾਰ ਦਿ ਜਿਉਨ ਮਤਸੁਰੀ ਨੂੰ ਵੀ ਰੱਦ ਕਰਨਾ ਪਿਆ।

ਜਾਪਾਨ ਦੀ ਫ਼ਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਮੁਤਾਬਕ 15 ਜੁਲਾਈ ਨੂੰ ਹਫ਼ਤੇ ਦੇ ਅਖੀਰ ਵਿਚ 9900 ਤੋਂ ਜ਼ਿਆਦਾ ਲੋਕ ਅਤੇ ਉਸ ਦੇ ਪਿਛਲੇ ਹਫ਼ਤੇ 2700 ਲੋਕ ਲੂ ਦੇ ਚਲਦੇ ਹਸਪਤਾਲ ਵਿਚ ਦਾਖਲ ਕਰਵਾਏ ਗਏ। ਫਿਲਹਾਲ ਲੂ ਤੋਂ ਰਾਹਤ ਦੇ ਕੋਈ ਸੰਕੇਤ ਨਹੀਂ ਹਨ। ਸਥਾਨਕ ਮੀਡੀਆ ਮੁਤਾਬਕ ਸਨਿਚਰਵਾਰ ਨੂੰ ਵੀ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਲੂ ਕਾਰਨ ਹੋਈ। ਮਰਨ ਵਾਲਿਆਂ 'ਚ ਜ਼ਿਆਦਾਤਰ ਬਜ਼ੁਰਗ ਸਨ। (ਪੀਟੀਆਈ)