ਪਾਕਿਸਤਾਨ 'ਚ ਪਹਿਲੀ ਵਾਰ ਹਿੰਦੂ ਲੜਕੀ ਬਣੀ ਪੁਲਿਸ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੰਧ ਸੂਬੇ 'ਚ ਏ.ਐਸ.ਆਈ. ਵਜੋਂ ਤਾਇਨਾਤ ਕੀਤਾ

Pushpa Kohli has become the first Pakistani Hindu girl to serve as police officer

ਇਸਲਾਮਾਬਾਦ : ਪਾਕਿਸਤਾਨ 'ਚ ਪਹਿਲੀ ਵਾਰ ਇਕ ਹਿੰਦੂ ਲੜਕੀ ਪੁਲਿਸ ਅਫ਼ਸਰ ਬਣੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਪੁਸ਼ਪਾ ਕੋਹਲੀ ਨੂੰ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਬਣਾਇਆ ਗਿਆ ਹੈ। ਪੁਸ਼ਪਾ ਨੇ ਸਿੰਧ ਲੋਕ ਸੇਵਾ ਕਮਿਸ਼ਨ ਰਾਹੀਂ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਸੀ।

ਪੁਸ਼ਪਾ ਕੋਹਲੀ ਨੂੰ ਏਐਸਆਈ ਬਣਾਉਣ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨ ਕਪਿਲ ਦੇਵ ਨੇ ਦਿੱਤੀ। ਉਨ੍ਹਾਂ ਨੇ ਟਵਿਟਰ 'ਤੇ ਇਹ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, "ਸਿੰਧ ਲੋਕ ਸੇਵਾ ਕਮਿਸ਼ਨ ਦੀ ਮੁਕਾਬਲਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੁਸ਼ਪਾ ਕੋਹਲੀ ਅਸਿਸਟੈਂਟ ਸਬ ਇੰਸਪੈਕਟਰ ਬਣਨ ਵਾਲੀ ਹਿੰਦੂ ਭਾਈਚਾਰੇ ਦੀ ਪਹਿਲੀ ਲੜਕੀ ਬਣ ਗਈ ਹੈ।"

ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਘੱਟਗਿਣਤੀ ਹਿੰਦੂਆਂ ਦੀ ਆਬਾਦੀ ਲਗਭਗ 75 ਲੱਖ ਹੈ। ਇਸੇ ਸਾਲ ਜਨਵਰੀ 'ਚ ਹਿੰਦੂ ਭਾਈਚਾਰੇ ਦੀ ਸੁਮਨ ਪਵਨ ਬੋਡਾਨੀ ਪਾਕਿਸਤਾਨ ਦੀ ਪਹਿਲੀ ਮਹਿਲਾ ਜੱਜ ਬਣੀ ਸੀ। ਉਹ ਵੀ ਸਿੰਧ ਸੂਬੇ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸਿਵਲ ਜੱਜ/ਨਿਆਂਇਕ ਮੈਜਿਸਟ੍ਰੇਟ ਦੀ ਮੈਰਿਟ ਸੂਚੀ 'ਚ 54ਵਾਂ ਸਥਾਨ ਪ੍ਰਾਪਤ ਕੀਤਾ ਸੀ।

ਮਾਰਚ 2018 'ਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਆਗੂ ਕ੍ਰਿਸ਼ਣਾ ਕੁਮਾਰੀ ਨੇ ਸੰਸਦੀ ਚੋਣ ਜਿੱਤੀ ਸੀ। ਉਹ ਹਿੰਦੂ ਭਾਈਚਾਰੇ ਤੋਂ ਸੰਸਦ ਮੈਂਬਰ ਬਣਨ ਵਾਲੀ ਪਹਿਲਾ ਪਾਕਿਸਤਾਨੀ ਮਹਿਲਾ ਸੀ।