ਪੜ੍ਹੋ ਕੀ ਹੈ ਆਸਟ੍ਰੇਲੀਆ ਦਾ ਉਹ ਮੰਜ਼ਰ, ਜਿਸ ਵਿਚ ਰਾਖ ਹੋ ਗਏ 50 ਕਰੋੜ ਜਾਨਵਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਹੁਣ ਬਹੁਤ ਹੀ ਖਤਰਨਾਕ ਪੱਧਰ ‘ਤੇ ਪਹੁੰਚ ਚੁੱਕੀ ਹੈ।

Photo

ਵਿਕਟੋਰੀਆ: ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਹੁਣ ਬਹੁਤ ਹੀ ਖਤਰਨਾਕ ਪੱਧਰ ‘ਤੇ ਪਹੁੰਚ ਚੁੱਕੀ ਹੈ। ਪਿਛਲੇ ਸਤੰਬਰ ਵਿਚ ਲੱਗੀ ਅੱਗ ਨੇ ਲੋਕਾਂ ਅਤੇ ਜਾਨਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇੱਥੇ ਕਰੀਬ 50 ਕਰੋੜ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਉੱਥੋਂ ਹੁਣ ਹੈਰਾਨੀਜਨਕ ਅਤੇ ਖੌਫਨਾਕ ਚੀਜ਼ਾਂ ਸਾਹਮਣੇ ਆ ਰਹੀਆਂ ਹਨ।

ਦਰਅਸਲ ਚਾਰ ਮਹੀਨੇ ਦਾ ਸਮਾਂ ਲੰਘਣ ਤੋਂ ਬਾਅਦ ਵੀ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਖਤਮ ਨਹੀਂ ਹੋ ਰਹੀ ਹੈ। ਯੂਨੀਵਰਸਿਟੀ ਆਫ ਸਿਡਨੀ ਦੇ ਇਕੋਲਾਜਿਸਟ ਨੇ ਅਨੁਮਾਨ ਜਤਾਇਆ ਹੈ ਕਿ ਹੁਣ ਤੱਕ 50 ਕਰੋੜ ਜਾਨਵਰਾਂ ਦੀ ਮੌਤ ਅੱਗ ਵਿਚ ਜਲਣ ਕਾਰਨ ਹੋਈ ਹੈ। ਇਸ ਵਿਚ ਪਸ਼ੂ, ਪੰਛੀ ਅਤੇ ਰਿੰਗਣ ਵਾਲੇ ਸਾਰੇ ਜੀਵ ਸ਼ਾਮਲ ਸਨ।

ਉੱਥੇ ਹੀ ਇਹ ਨਵੀਂ ਚੀਜ਼ ਸਾਹਮਣੇ ਆਈ ਹੈ। ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਨੇ ਅੱਗ ਨੂੰ ਲੈ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੰਗਲਾਂ ਵਿਚ ਲੱਗੀ ਅੱਗ ਨੇ ਨਾਵਰਾ ਦੇ ਕੋਲ ਉੱਤਰੀ ਕਿਨਾਰੇ ‘ਤੇ ਅਪਣੀ ਮੌਸਮ ਪ੍ਰਣਾਲੀ ਵਿਕਸਿਤ ਕਰ ਲਈ ਹੈ ਜੋ ਕਿ ਬਹੁਤ ਖਤਰਨਾਕ ਸਥਿਤੀ ਹੈ। ਇਹ ਅੱਗ ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਤੱਟੀ ਇਲਾਕਿਆਂ ਵਿਚ ਸਭ ਤੋਂ ਜ਼ਿਆਦਾ ਫੈਲੀ ਹੋਈ ਹੈ।

ਅੱਗ ਦੇ ਕਾਰਨ ਹਵਾ ਅਤੇ ਜ਼ਹਿਰੀਲੇ ਧੂੰਏ ਨਾਲ ਪੂਰਬੀ ਤੱਟ ‘ਤੇ ਸਥਿਤ ਸ਼ਹਿਰਾਂ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਲੋਕ ਘਰ ਛੱਡ ਕੇ ਜਾ ਰਹੇ ਹਨ। ਆਸਟ੍ਰੇਲੀਆ ਸਰਕਾਰ ਨੇ ਕਈ ਇਲ਼ਾਕਿਆਂ ਵਿਚ ਐਮਰਜੈਂਸੀ ਐਲ਼ਾਨ ਦਿੱਤੀ ਹੈ। ਵਿਕਟੋਰੀਆ ਦੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ। ਵਧੇ ਤਾਪਮਾਨ ਅਤੇ ਗਰਮ ਹਵਾ ਦੇ ਚਲਦਿਆਂ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲ ਆ ਰਹੀ ਹੈ।

ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ ਤੱਕ ਵਧ ਗਿਆ ਹੈ।ਮੌਸਮ ਵਿਭਾਗ ਅਨੁਸਾਰ ਹਵਾ ਦਾ ਰੁਖ ਅੱਗ ਨੂੰ ਫੈਲਣ ਵਿਚ ਸਹਾਇਤਾ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਮੱਧ-ਉੱਤਰੀ ਇਲ਼ਾਕੇ ਵਿਚ ਸਭ ਤੋਂ ਜ਼ਿਆਦਾ ਕੋਆਲਾ ਜਾਨਵਰ ਨਿਵਾਸ ਕਰਦੇ ਹਨ ਪਰ ਜੰਗਲੀ ਅੱਗ ਕਾਰਨ ਇਹਨਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।

ਜੰਗਲ ਦੀ ਅੱਗ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰਸਿਨ ਨੇ 13 ਜਨਵਰੀ ਨੂੰ ਹੋਣ ਵਾਲੀ ਅਪਣੀ ਚਾਰ ਦਿਨ ਦੀ  ਭਾਰਤੀ ਯਾਤਰਾ ਰੱਦ ਕਰ ਦਿੱਤੀ ਹੈ। ਇਕ ਬਿਆਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡਾ ਦੇਸ਼ ਇਸ ਸਮੇਂ ਦੇਸ਼ ਭਰ ਵਿਚ ਫੈਲੀ ਭਿਆਨਕ ਅੱਗ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਮੁਸ਼ਕਲ ਦੀ ਘੜੀ ਵਿਚ ਸਾਡੀ ਸਰਕਾਰ ਦਾ ਪੂਰਾ ਧਿਆਨ ਨਾਗਰਿਕਤਾਂ ਦੀ ਮਦਦ ਕਰਨ ਵੱਲ਼ ਹੈ’।