ਅਤਿਵਾਦੀ ਹਮਲਾ : ਸ੍ਰੀਲੰਕਾ ਨੇ 200 ਮੌਲਵੀਆਂ ਸਮੇਤ 600 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ 'ਚੋਂ ਕੱਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੀਜ਼ਾ ਖ਼ਤਮ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਤਰੀਕੇ ਨਾਲ ਸ੍ਰੀਲੰਕਾ 'ਚ ਰੁਕੇ ਹੋਏ ਸਨ

Sri Lanka expels over 600 foreigners, including 200 Islamic clerics

ਕੋਲੰਬੋ : ਈਸਟਰ ਮੌਕੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ 600 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ 'ਚੋਂ ਕੱਢ ਦਿੱਤਾ ਹੈ। ਦੇਸ਼ 'ਚੋਂ ਕੱਢੇ ਗਏ ਵਿਦੇਸ਼ੀਆਂ 'ਚ 200 ਮੌਲਵੀ ਵੀ ਸ਼ਾਮਲ ਹਨ। ਸ੍ਰੀਲੰਕਾ ਦੇ ਗ੍ਰਹਿ ਮੰਤਰੀ ਵਜੀਰਾ ਅਬੇਵਾਰਦੇਨਾ ਮੁਤਾਬਕ ਇਹ ਸਾਰੇ ਮੌਲਵੀ ਕਾਨੂੰਨੀ ਤੌਰ 'ਤੇ ਦੇਸ਼ 'ਚ ਦਾਖ਼ਲ ਹੋਏ ਸਨ, ਪਰ ਹਮਲਿਆਂ ਤੋਂ ਬਾਅਦ ਪਾਇਆ ਗਿਆ ਕਿ ਇਹ ਲੋਕ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਤਰੀਕੇ ਨਾਲ ਇੱਥੇ ਰੁਕੇ ਹੋਏ ਸਨ। ਇਨ੍ਹਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ 'ਚ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਸੀ ਵੀਜ਼ਾ ਪ੍ਰਣਾਲੀ ਦੀ ਸਮੀਖਿਆ ਕੀਤੀ ਹੈ ਅਤੇ ਧਾਰਮਿਕ ਗੁਰੂਆਂ ਮਤਲਬ ਮੌਲਵੀਆਂ ਲਈ ਵੀਜ਼ਾ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਗ੍ਰਹਿ ਮੰਤਰੀ ਨੇ ਦੇਸ਼ 'ਚੋਂ ਕੱਢੇ ਗਏ ਲੋਕਾਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਇਸ ਮਾਮਲੇ 'ਚ ਪੁਲਿਸ ਨੇ ਕਿਹਾ ਹੈ ਕਿ ਦੇਸ਼ 'ਚ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਬੰਗਲਾਦੇਸ਼, ਭਾਰਤ, ਮਾਲਦੀਵ ਅਤੇ ਪਾਕਿਸਤਾਨ ਤੋਂ ਆਏ ਕਏ ਵਿਦੇਸ਼ੀ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰੁਕੇ ਹੋਏ ਸਨ। 

ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਇਹ ਵੇਖਣ 'ਚ ਆ ਰਿਹਾ ਹੈ ਕਿ ਦੇਸ਼ 'ਚ ਧਾਰਮਕ ਸੰਗਠਨ ਵਿਦੇਸ਼ੀ ਗੁਰੂਆਂ ਨੂੰ ਪਹਿਲ ਦੇ ਰਹੇ ਹਨ। ਸਾਨੂੰ ਇਸ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਹਾਲ ਦੀਆਂ ਘਟਨਾਵਾਂ ਨੂੰ ਵੇਖਦਿਆਂ ਸਖ਼ਤ ਕਦਮ ਚੁੱਕਣੇ ਪਏ ਹਨ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਸਰਕਾਰ ਬੁਰਕੇ ਜਾਂ ਨਕਾਬ 'ਤੇ ਵੀ ਪਾਬੰਦੀ ਲਗਾ ਚੁੱਕੀ ਹੈ।