ਯੁੱਧ ਲਈ ਤਿਆਰ ਰਹੇ ਫੌਜ਼ : ਚੀਨੀ ਰਾਸ਼ਟਰਪਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ੀ ਨੇ ਸੀਨੀਅਰ ਮਿਲਟਰੀ ਅਥਾਰਿਟੀ ਦੀ ਬੈਠਕ ਦੌਰਾਨ ਕਿਹਾ ਕਿ ਚੀਨ ਨੂੰ ਵੱਧ ਰਹੇ ਖ਼ਤਰਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ।

Chinese President Xi Jinping

ਬੀਜਿੰਗ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਬੈਠਕ ਵਿਚ ਚੀਨ ਦੀਆਂ ਹਥਿਆਰਬੰਦ ਤਾਕਤਾਂ ਨੂੰ ਯੁੱਧ ਦੀ ਤਿਆਰੀ ਲਈ ਅਪਣੇ ਜਜ਼ਬੇ ਨੂੰ ਮਜ਼ਬੂਤ ਰੱਖਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਇਸ ਵੇਲ੍ਹੇ ਉਹ ਸੱਭ ਕੁਝ ਕਰਨ ਦੀ ਲੋੜ ਹੈ ਜੋ ਕਿ ਯੁੱਧ ਲਈ ਜਰੂਰੀ ਹੁੰਦਾ ਹੈ। ਉਹਨਾਂ ਕਿਹਾ ਕਿ ਚੀਨੀ ਫ਼ੌਜ ਨੂੰ ਨਵੇਂ ਯੁੱਗ ਲਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਮੌਜੂਦਾ ਹਾਲਾਤਾਂ ਵਿਚ ਜਿਨਪਿੰਗ ਦਾ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ

ਕਿਉਂਕਿ ਦੋ ਦਿਨ ਪਹਿਲਾਂ ਹੀ ਉਹ ਤਾਈਵਾਨ ਨੂੰ ਧਮਕੀ ਦੇ ਚੱਕੇ ਹਨ ਕਿ ਚੀਨ ਉਸ ਦੇਸ਼ ਦੇ ਰਲੇਵੇਂ ਲਈ ਫ਼ੌਜ ਦੇ ਵਿਕਲਪ ਦੀ ਵੀ ਵਰਤੋਂ ਕਰ ਸਕਦਾ ਹੈ। ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿਚ ਖੇਤਰੀ ਵਿਵਾਦਾਂ ਵਿਚਕਾਰ ਚੀਨ ਅਪਣੀਆਂ ਰੱਖਿਆਤਕਮ ਤਾਕਤਾਂ ਨੂੰ ਵਧਾ ਰਿਹਾ ਹੈ ਅਤੇ ਵਪਾਰ ਨੂੰ ਲੈ ਕੇ ਤਾਈਵਾਨ ਦੀ ਹਾਲਤ ਤੱਕ ਦੇ ਮੁੱਦਿਆਂ 'ਤੇ ਅਮਰੀਕਾ ਦੇ ਨਾਲ ਤਣਾਅ ਨੂੰ ਵਧਾ ਰਿਹਾ ਹੈ।  ਚੀਨੀ ਰਾਸ਼ਟਰਪਤੀ ਕੇਂਦਰੀ ਫ਼ੌਜੀ ਕਮਿਸ਼ਨ ਦੇ ਮੁਖੀ ਵੀ ਹਨ।

ਉਹਨਾਂ ਕਿਹਾ ਕਿ ਪੀਐਲਏ ਨੂੰ ਨਵੇਂ ਯੁੱਗ ਦੇ ਲਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਅਤੇ ਯੁੱਧ ਦੀਆਂ ਤਿਆਰੀਆਂ ਸਮੇਤ ਉਸ ਦੀ ਜਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ਸ਼ੀ ਨੇ ਸੀਨੀਅਰ ਮਿਲਟਰੀ ਅਥਾਰਿਟੀ ਦੀ ਬੈਠਕ ਦੌਰਾਨ ਕਿਹਾ ਕਿ ਚੀਨ ਨੂੰ ਵੱਧ ਰਹੇ ਖ਼ਤਰਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਉਹਨਾਂ ਕਿਹਾ ਕਿ ਹਥਿਆਰਬੰਦ ਤਾਕਤਾਂ ਨੂੰ ਅਪਣੀ ਸੁਰੱਖਿਆ ਅਤੇ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਹੁਣ ਵਿਕਾਸ ਦੇ ਰਣਨੀਤਕ ਮੌਕੇ ਦੀ ਮਹੱਤਵਪੂਰਨ ਮਿਆਦ ਵਿਚ ਹੈ ਅਤੇ ਅਜਿਹੇ ਵਿਚ ਪੀਐਲਏ ਦਾ ਐਮਰਜੈਂਸੀ ਹਾਲਤ ਵਿਚ ਤੇਜੀ ਨਾਲ ਪ੍ਰਤੀਕਿਰਆ ਦੇਣ ਵਿਚ ਸਮਰਥ ਹੋਣਾ ਜਰੂਰੀ ਹੈ। ਉਹਨਾਂ ਦੀ ਜੁਆਇੰਟ ਓਪਰੇਸ਼ਨ ਸਮਰਥਾ ਨੂੰ ਹੋਰ ਵਿਕਸਤ ਕਰਨ ਅਤੇ ਨਵੀਆਂ ਲੜਾਕੂ ਤਾਕਤਾਂ ਨੂੰ ਹੋਰ ਸਖ਼ਤ ਤਿਆਰੀ ਕਰਨ ਦੀ ਲੋੜ ਹੈ।