ਭਿਆਨਕ ਗਰਮੀ ਨਾਲ ਜੂਝ ਰਿਹੈ ਯੂਰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹਨੀਂ ਦਿਨੀਂ ਯੂਰਪ ਦੇ ਸਾਰੇ ਦੇਸ਼ ਭਿਆਨਕ ਗਰਮੀ ਦੀ ਲਪੇਟ 'ਚ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਦਾ ਰੀਕਾਰਡ ਟੁੱਟ ਸਕਦਾ ਹੈ.............

Guards while bathing the elephants to avoid heat

ਲੰਦਨ : ਇਹਨੀਂ ਦਿਨੀਂ ਯੂਰਪ ਦੇ ਸਾਰੇ ਦੇਸ਼ ਭਿਆਨਕ ਗਰਮੀ ਦੀ ਲਪੇਟ 'ਚ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਗਰਮੀ ਦਾ ਰੀਕਾਰਡ ਟੁੱਟ ਸਕਦਾ ਹੈ। ਯੂਰਪ 'ਚ ਸੱਭ ਤੋਂ ਵੱਧ ਗਰਮੀ ਪੈਣ ਦਾ ਰੀਕਾਰਡ 1977 'ਚ ਜੁਲਾਈ ਮਹੀਨੇ ਦਾ ਹੈ। ਉਦੋਂ ਗ੍ਰੀਸ ਦੇ ਏਥੇਂਸ ਸ਼ਹਿਰ 'ਚ 48 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਸਪੇਨ ਅਤੇ ਪੁਰਤਗਾਲ 'ਚ ਤਾਪਮਾਨ ਵੱਧ ਰਿਹਾ ਹੈ। ਅਫ਼ਰੀਕਾ ਤੋਂ ਆ ਰਹੀਆਂ ਗਰਮ ਹਵਾਵਾਂ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰਮੀ ਦਾ 41 ਸਾਲ ਪੁਰਾਣਾ ਰੀਕਾਰਡ ਵੀ ਟੁੱਟ ਸਕਦਾ ਹੈ।

ਲੂ ਚੱਲਣ ਨਾਲ ਇਟਲੀ ਅਤੇ ਰੋਮਾਨੀਆ 'ਚ ਪੰਜ ਲੋਕਾਂ ਦੀ ਮੌਤ ਹੋ ਚੁਕੀ ਹੈ। ਦਖਣੀ ਫ਼ਰਾਂਸ, ਇਟਲੀ ਅਤੇ ਹੰਗਰੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੱਡੇ ਪੱਧਰ 'ਤੇ ਤਾਪਮਾਨ ਦਰਜ ਕੀਤਾ ਗਿਆ ਹੈ। ਵਿਗਿਆਨੀਆਂ ਨੇ ਸੁਚੇਤ ਕੀਤਾ ਹੈ ਕਿ ਆਉਣ ਵਾਲੇ ਦਹਾਕਿਆਂ ਵਿਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਸੋਕੇ ਦੇ ਹਾਲਾਤ ਪੈਦਾ ਹੋਣ ਕਾਰਨ ਅਰਬਾਂ ਰੁਪਏ ਦੀ ਫ਼ਸਲ ਬਰਬਾਦ ਹੋ ਚੁਕੀ ਹੈ। ਪ੍ਰਭਾਵਤ ਇਲਾਕਿਆਂ 'ਚ ਤਾਪਮਾਨ ਰੋਜ਼ਾਨਾ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ।

ਭਿਆਨਕ ਗਰਮੀ ਕਾਰਨ ਸੋਕਾ ਪੈ ਰਿਹਾ ਹੈ ਅਤੇ ਜੁਲਾਈ 'ਚ ਲੂ ਚੱਲਣ ਅਤੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਪੁਰਤਗਾਲ 'ਚ 60 ਲੋਕਾਂ ਦੀ ਮੌਤ ਹੋ ਗਈ। 
ਇਟਲੀ ਵਿਚ ਹਸਪਤਾਲਾਂ 'ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ 15 ਤੋਂ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਟਲੀ 'ਚ ਹੁਣ ਤਕ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਲੂ ਲੱਗਣ ਕਾਰਨ ਹੋਈ ਹੈ। ਰੋਮਾਨੀਆ 'ਚ ਵੀ ਲੂ ਕਾਰਨ 2 ਲੋਕਾਂ ਦੀ ਮੌਤ ਹੋਈ ਹੈ।      (ਏਜੰਸੀ)