ਇਸਲਾਮ ਨੂੰ ਅਪਣੇ ਮੁਤਾਬਕ ਢਾਲੇਗਾ ਚੀਨ, ਨਮਾਜ਼-ਦਾੜੀ ਅਤੇ ਹਿਜ਼ਾਬ 'ਤੇ ਲਗ ਸਕਦੀ ਹੈ ਪਾਬੰਦੀ
ਦੇਸ਼ ਵਿਚ ਧਰਮ ਦਾ ਪਾਲਣ ਕਿਸ ਤਰ੍ਹਾਂ ਕੀਤਾ ਜਾਵੇ ਇਸ ਨੂੰ ਨਵੇਂ ਸਿਰੇ ਤੋਂ ਨਿਰਧਾਰਤ ਕਰਨ ਲਈ ਇਹ ਨਵਾਂ ਕਦਮ ਹੈ।
ਬੀਜਿੰਗ : ਚੀਨ ਸਰਕਾਰ ਨੇ ਅਜਿਹਾ ਕਾਨੂੰਨ ਪਾਸ ਕੀਤਾ ਹੈ ਜਿਸ ਨਾਲ ਇਸਲਾਮ ਵਿਚ ਬਦਲਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਉਸ ਨੂੰ ਸਮਾਜਵਾਦੀ ਰੰਗ ਦਿਤਾ ਜਾਵੇਗਾ। ਨਵੇਂ ਕਾਨੂੰਨ ਮੁਤਾਬਕ ਅਗਲੇ ਪੰਜ ਸਾਲਾਂ ਦੇ ਅੰਦਰ ਇਸਲਾਮ ਨੂੰ ਚੀਨ ਦੇ ਸਮਾਜਵਾਦ ਦੇ ਹਿਸਾਬ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੇਸ਼ ਵਿਚ ਧਰਮ ਦਾ ਪਾਲਣ ਕਿਸ ਤਰ੍ਹਾਂ ਕੀਤਾ ਜਾਵੇ ਇਸ ਨੂੰ ਨਵੇਂ ਸਿਰੇ ਤੋਂ ਨਿਰਧਾਰਤ ਕਰਨ ਲਈ ਇਹ ਨਵਾਂ ਕਦਮ ਹੈ।
ਚੀਨ ਦੀਆਂ ਖ਼ਬਰਾਂ ਮੁਤਾਬਕ ਅੱਠ ਇਸਲਾਮਕ ਸੰਘਾਂ ਦੇ ਨੁਮਾਇੰਦਿਆਂ ਦੇ ਨਾਲ ਇਕ ਬੈਠਕ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਇਸਲਾਮ ਨੂੰ ਸਮਾਜਵਾਦ ਦੇ ਅਨੁਕੂਲ ਅਤੇ ਧਰਮ ਦੇ ਕੰਮਾਂ-ਕਾਜ਼ਾਂ ਨੂੰ ਚੀਨ ਦੇ ਹਿਸਾਬ ਨਾਲ ਕਰਨ ਦੇ ਕਦਮ ਨੂੰ ਲਾਗੂ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਚੀਨ ਨੇ ਪਿਛੇ ਕੁਝ ਸਾਲਾਂ ਤੋਂ ਧਾਰਮਿਕ ਸਮੂਹਾਂ ਦੇ ਨਾਲ ਧਰਮ ਨੂੰ ਚੀਨ ਦੇ ਮੁਤਾਬਕ ਢਾਲਣ ਨੂੰ ਲੈ ਕੇ ਸਖ਼ਤ ਮੁਹਿੰਮ ਚਲਾਈ ਹੈ। ਚੀਨ ਦੇ ਕੁਝ ਹਿੱਸਿਆਂ ਵਿਚ ਇਸਲਾਮ ਧਰਮ ਦੀ ਪਾਲਣਾ ਕਰਨ 'ਤੇ ਮਨਾਹੀ ਹੈ।
ਇਹਨਾਂ ਇਲਾਕਿਆਂ ਵਿਚ ਆਦਮੀ ਨੂੰ ਨਮਾਜ਼ ਪੜ੍ਹਨ, ਦਾੜੀ ਵਧਾਉਣ ਜਾਂ ਔਰਤਾਂ ਨੂੰ ਹਿਜ਼ਾਬ ਪਾਏ ਜਾਣ 'ਤੇ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਵਿਚ ਸਿਕਯਾਂਗ ਜਿਹੇ ਇਲਾਕਿਆਂ ਵਿਚ ਉਇਗਰ ਮੁਸਲਮਾਨਾਂ 'ਤੇ ਕਾਫੀ ਸਖ਼ਤੀ ਬਰਤੀ ਗਈ ਹੈ। ਬੀਜਿੰਗ ਉਇਗਰ ਮੁਸਲਮਾਨਾਂ ਦੇ ਵੱਖਵਾਦੀ ਅਤੇ ਕੱਟੜਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਪ੍ਰਗਟ ਕਰਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਚੀਨ ਵਿਚ ਲਗਭਗ ਦੋ ਕਰੋੜ ਮੁਸਲਮਾਨ ਹਨ।
ਚੀਨ ਵਿਚ ਇਸਲਾਮ ਸਮੇਤ ਕੁਲ ਪੰਜ ਧਰਮਾਂ ਨੂੰ ਮਾਨਤਾ ਦਿਤੀ ਗਈ ਹੈ। ਜਿਸ ਵਿਚ ਤਾਓ, ਕੈਥੋਲਿਕ ਅਤੇ ਬੁੱਧ ਧਰਮ ਵੀ ਸ਼ਾਮਲ ਹਨ। ਚੀਨ ਨੂੰ ਇਸ ਗੱਲ ਲਈ ਅੰਤਰਰਾਸ਼ਟਰੀ ਸਮੁਦਾਇ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿ ਉਸ ਨੇ 10 ਲੱਖ ਤੋਂ ਵੱਧ ਉਇਗਰ ਮੁਸਲਮਾਨਾਂ ਨੂੰ ਸਿਕਯਾਂਗ ਦੇ ਇਨਡਾਕਿਟ੍ਰਨੇਸ਼ਨ ਕੈਂਪਾਂ ਵਿਚ ਰੱਖਿਆ ਜਾਂਦਾ ਹੈ। ਜਿਥੇ ਉਹਨਾਂ ਵਿਚ ਕਥਿਤ ਦੇਸ਼ਭਗਤੀ ਸੰਬਧੀ ਬ੍ਰੇਨਵਾਸ਼ ਕੀਤਾ ਜਾਂਦਾ ਹੈ।