ਚੀਨ 'ਚ 5ਵੇਂ ਨੰਬਰ 'ਤੇ ਡਿੱਗਾ 'ਐਪਲ' ਲੋਕ 'ਆਈ ਫ਼ੋਨ' ਤੋਂ ਬਣਾ ਰਹੇ ਦੂਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਲ 2007 'ਚ ਲਾਂਚਿੰਗ ਤੋਂ ਲੈ ਕੇ ਹੁਣ ਤਕ ਕਈ ਬਾਜ਼ਾਰਾਂ 'ਚ ਆਈਫ਼ੋਨ ਦਾ ਸਫ਼ਰ ਸ਼ਾਨਦਾਰ ਰਿਹਾ ਪਰ ਚੀਨ 'ਚ ਹੁਣ ਇਸ ਦੀ ਜ਼ਮੀਨ ਖਿਸਕ ਰਹੀ ਹੈ । ਆਈਫ਼ੋਨ ਨੂੰ ਸਭ....

Iphone

ਬੀਜਿੰਗ, 7 ਜਨਵਰੀ : ਸਾਲ 2007 'ਚ ਲਾਂਚਿੰਗ ਤੋਂ ਲੈ ਕੇ ਹੁਣ ਤਕ ਕਈ ਬਾਜ਼ਾਰਾਂ 'ਚ ਆਈਫ਼ੋਨ ਦਾ ਸਫ਼ਰ ਸ਼ਾਨਦਾਰ ਰਿਹਾ ਪਰ ਚੀਨ 'ਚ ਹੁਣ ਇਸ ਦੀ ਜ਼ਮੀਨ ਖਿਸਕ ਰਹੀ ਹੈ । ਆਈਫ਼ੋਨ ਨੂੰ ਸਭ ਤੋਂ ਜ਼ਬਰਦਸਤ ਟੱਕਰ ਹੁਵਾਵੇਈ ਦੇ ਸਮਾਰਟ ਫੋਨਾਂ ਤੋਂ ਮਿਲ ਰਹੀ ਹੈ । ਇਸ ਦਾ ਅਸਰ ਇਹ ਹੈ ਕਿ ਚੀਨ 'ਚ ਐਪਲ ਦੀ ਬਾਜ਼ਾਰ ਹਿੱਸੇਦਾਰੀ ਘੱਟ ਰਹੀ ਹੈ ਅਤੇ ਕੰਪਨੀ ਸਮਾਰਟ ਫੋਨ ਦੇ ਬਾਜ਼ਾਰ 'ਚ ਪੰਜਵੇਂ ਨੰਬਰ 'ਤੇ ਆ ਗਈ ਹੈ । ਖਾਸ ਗਲ ਇਹ ਹੈ ਕਿ ਚੀਨ 'ਚ ਉੱਥੋਂ ਦੀਆਂ ਘਰੇਲੂ ਕੰਪਨੀਆਂ ਦਾ ਹੀ ਦਬਦਬਾ ਕਾਇਮ ਹੋ ਰਿਹਾ ਹੈ।

ਮੌਜੂਦਾ ਸਮੇਂ ਉੱਥੋਂ ਦੇ ਟਾਪ-10 ਸਮਾਰਟ ਫ਼ੋਨ ਬਰਾਂਡਸ 'ਚ 7 ਚਾਈਨਿਜ਼ ਹਨ। ਸਮਾਰਟ ਫੋਨ ਬਾਜ਼ਾਰ ਦੀ 24.9 ਫੀਸਦੀ ਹਿੱਸੇਦਾਰੀ ਸਿਰਫ ਹੁਵਾਵੇਈ ਕੋਲ ਹੈ, ਜਦੋਂ ਕਿ 22.6 ਫੀਸਦੀ ਹਿੱਸੇਦਾਰੀ ਨਾਲ ਵੀਵੋ ਦੂਜੇ ਨੰਬਰ 'ਤੇ, 21.1 ਫੀਸਦੀ ਨਾਲ ਓਪੋ ਤੀਜੇ ਨੰਬਰ ਅਤੇ 13.1 ਫੀਸਦੀ ਨਾਲ ਸ਼ਿਓਮੀ ਚੌਥੇ ਨੰਬਰ 'ਤੇ ਹੈ। ਉੱਥੇ ਹੀ, ਚੀਨ 'ਚ ਐਪਲ ਦੀ ਬਾਜ਼ਾਰ ਹਿੱਸੇਦਾਰੀ 7 ਫੀਸਦੀ 'ਤੇ ਖਿਸਕ ਗਈ ਹੈ। ਚੀਨ 'ਚ ਹੁਵਾਵੇਈ, ਵੀਵੋ, ਓਪੋ ਅਤੇ ਸ਼ਿਓਮੀ ਦੇ ਸਮਾਰਟ ਫੋਨ ਆਈਫੋਨ ਲਈ ਸਭ ਤੋਂ ਵੱਡੀ ਚੁਣੌਤੀ ਬਣ ਰਹੇ ਹਨ।

ਹਾਲਾਂਕਿ ਚੀਨ ਦੀ ਅਰਥਵਿਵਸਥਾ ਹੌਲੀ ਹੋਣ ਨਾਲ ਵੱਡੇ ਬਰਾਂਡਸ ਦੇ ਸਮਾਰਟ ਫੋਨਾਂ ਦੀ ਵਿਕਰੀ ਵੀ ਪ੍ਰਭਾਵਿਤ ਹੋਈ ਹੈ। ਲਿਹਾਜਾ ਚਾਈਨਿਜ਼ ਕੰਪਨੀਆਂ ਫ਼ਰਾਂਸ, ਜਰਮਨੀ, ਭਾਰਤ ਅਤੇ ਦਖਣੀ-ਪੂਰਬੀ ਏਸ਼ੀਆ 'ਚ ਉਨ੍ਹਾਂ ਗਾਹਕਾਂ ਨੂੰ ਆਕਰਸ਼ਤ ਕਰਨ 'ਚ ਲਗ ਗਈਆਂ ਹਨ, ਜੋ ਘੱਟ ਪੈਸੇ 'ਚ ਆਈਫ਼ੋਨ ਵਾਲੇ ਸਾਰੇ ਫ਼ੀਚਰ ਚਾਹੁੰਦੇ ਹਨ ।    (ਪੀਟੀਆਈ)