ਇੰਡੋਨੇਸ਼ੀਆ 'ਚ ਭੂਚਾਲ ਕਾਰਨ 91 ਮੌਤਾਂ ਹੋਈਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਚ ਆਏ ਭਾਰੀ ਭੂਚਾਲ ਕਾਰਨ 91 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ...........

Earthquake

ਮਾਤਾਰਾਮ : ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਚ ਆਏ ਭਾਰੀ ਭੂਚਾਲ ਕਾਰਨ 91 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਭੂਚਾਲ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ 'ਚ ਦਹਿਸ਼ਤ ਫੈਲ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐਸ.ਜੀ.ਐਸ.) ਮੁਤਾਬਕ ਭੂਚਾਲ ਦੀ ਤੀਬਰਤਾ 7 ਸੀ ਅਤੇ ਇਸ ਦਾ ਕੇਂਦਰ ਲੋਮਬੋਕ ਦੇ ਉੱਤਰੀ ਖੇਤਰ 'ਚ ਧਰਤੀ ਦੇ 10 ਕਿਲੋਮੀਟਰ ਅੰਦਰ ਸੀ। ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਆਏ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਰੱਦ ਕਰ ਦਿਤਾ ਗਿਆ।

ਜ਼ਿਕਰਯੋਗ ਹੈ ਕਿ ਹਫ਼ਤੇ ਭਰ ਪਹਿਲਾਂ ਲੋਮਬੋਕ ਟਾਪੂ 'ਤੇ ਆਏ ਭੂਚਾਲ 'ਚ 12 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਦੇ ਅਧਿਕਾਰੀ ਡੀ. ਕਰਨਾਵਤੀ ਨੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਉਦੋਂ ਵਾਪਸ ਲੈ ਲਈ ਗਈ ਜਦ ਸੁਨਾਮੀ ਦੀਆਂ ਲਹਿਰਾਂ ਤਿੰਨ ਪਿੰਡਾਂ 'ਚ ਸਿਰਫ਼ 15 ਸੈਂਟੀਮੀਟਰ ਉੱਚੀ ਦਰਜ ਕੀਤੀ ਗਈ। ਅਧਿਕਾਰੀ ਇਵਾਨ ਅਸਮਾਰਾ ਨੇ ਕਿਹਾ ਕਿ ਲੋਕ ਘਬਰਾ ਕੇ ਅਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਇੰਡੋਨੇਸ਼ੀਆ ਦੇ ਦੁਰਘਟਨਾ ਸੰਚਾਲਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦਸਿਆ ਕਿ ਸ਼ਹਿਰ 'ਚ ਡਿੱਗੀਆਂ ਜ਼ਿਆਦਾਤਰ ਇਮਾਰਤਾਂ ਵਿਚ ਘਟੀਆ ਉਸਾਰੀ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ। ਸੁਰੱਖਿਆ ਸੰਮੇਲਨ ਲਈ ਲੋਮਬੋਕ ਵਿਚ ਮੌਜੂਦ ਸਿੰਗਾਪੁਰ ਦੇ ਗ੍ਰਹਿ ਮੰਤਰੀ ਦੇ ਸ਼ਨਮੁਗਮ ਨੇ ਫ਼ੇਸਬੁਕ 'ਤੇ ਦਸਿਆ ਕਿ ਕਿਵੇਂ ਉਨ੍ਹਾਂ ਦੇ ਹੋਟਲ ਦੀ ਦਸਵੀਂ ਮੰਜ਼ਿਲ ਦਾ ਕਮਰਾ ਹਿੱਲ ਰਿਹਾ ਸੀ। (ਪੀਟੀਆਈ)